ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਵਿਵਾਦ ਉਸ ਵੇਲੇ ਖੜ੍ਹਾ ਹੋ ਗਿਆ ਜਦੋਂ ਕੈਨੇਡਾ ਵਿੱਚ ਰਹਿੰਦੇ ਐੱਨਆਰਆਈ ਜਗਮਨਦੀਪ ਸਿੰਘ ਉਰਫ਼ ਜਗਮਨ ਸਮਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਾਈਵ ਆਹਮੋ-ਸਾਹਮਣੇ ਬਹਿਸ ਕਰਨ ਦੀ ਚੁਣੌਤੀ ਦੇ ਦਿੱਤੀ। ਸਮਰਾ ਵੱਲੋਂ ਜਾਰੀ ਕੀਤੇ ਵੀਡੀਓ ਬਿਆਨ ਨੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ।

ਸਮਰਾ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਵੱਲੋਂ ਉਸਨੂੰ ਮੁੱਖ ਮੰਤਰੀ ਮਾਨ ਦੀ ਇੱਕ ਵਿਵਾਦਤ ਵੀਡੀਓ ਭੇਜੀ ਗਈ ਸੀ। ਇਸ ਦਾਅਵੇ ਤੋਂ ਬਾਅਦ ਇਹ ਮਾਮਲਾ ਹੋਰ ਵੀ ਚਰਚਾ ਵਿੱਚ ਆ ਗਿਆ ਹੈ, ਹਾਲਾਂਕਿ ਇਸ ਸੰਬੰਧੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ।

ਆਪਣੇ ਆਪ ਨੂੰ ਟਕਸਾਲੀ ਅਕਾਲੀ ਪਰਿਵਾਰ ਨਾਲ ਸੰਬੰਧਿਤ ਦੱਸਦੇ ਹੋਏ ਸਮਰਾ ਨੇ ਕਿਹਾ ਕਿ ਉਹ 1990 ਦੇ ਦਹਾਕੇ ਤੋਂ ਦਿੱਲੀ ਦੇ ਸਿਆਸੀ ਹਲਕਿਆਂ ਨਾਲ ਜਾਣੂ ਹੈ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਉਸਨੂੰ ਨੁਕਸਾਨ ਪਹੁੰਚਾਉਣ ਲਈ ਪੈਸੇ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।

ਸਮਰਾ ਨੇ ਆਪਣੇ ਬਿਆਨ ਵਿੱਚ ਕਿਹਾ, “ਮੈਂ ਕਿਸੇ ਤੋਂ ਡਰਦਾ ਨਹੀਂ ਅਤੇ ਨਾ ਹੀ ਕਿਸੇ ਦਬਾਅ ਹੇਠ ਆਉਣ ਵਾਲਾ ਹਾਂ। ਵਿਦੇਸ਼ਾਂ ਵਿੱਚ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਔਖਾ ਨਹੀਂ, ਪਰ ਮੈਂ ਸੱਚ ਬੋਲਣਾ ਜਾਰੀ ਰੱਖਾਂਗਾ।”

ਗੌਰਤਲਬ ਹੈ ਕਿ ਜਗਮਨ ਸਮਰਾ 1 ਫਰਵਰੀ 2022 ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇਲਾਜ ਦੌਰਾਨ ਜੇਲ੍ਹ ਗਾਰਡਾਂ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ। ਬਾਅਦ ਵਿੱਚ ਉਸ ਦੇ ਨੇਪਾਲ ਰਾਹੀਂ ਕੈਨੇਡਾ ਪਹੁੰਚਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ।

ਇੱਕ ਹੋਰ ਵੀਡੀਓ ਵਿੱਚ ਸਮਰਾ ਨੇ ਦੱਸਿਆ ਕਿ ਉਹ ਅਤੇ ਕੁਝ ਹੋਰ ਲੋਕ ਇਸ ਵਾਇਰਲ ਵੀਡੀਓ ਨੂੰ ਲੈ ਕੇ ਇੱਕ ਜਥੇਦਾਰ ਕੋਲ ਵੀ ਪਹੁੰਚੇ ਸਨ ਅਤੇ ਉਨ੍ਹਾਂ ਨੂੰ ਮਾਮਲੇ ਦਾ ਨੋਟਿਸ ਲੈਣ ਲਈ ਕਿਹਾ ਸੀ। ਉਸ ਨੇ ਦਾਅਵਾ ਕੀਤਾ ਕਿ ਜਥੇਦਾਰ ਨਾਲ ਉਸਦੀ ਗੱਲਬਾਤ ਵੀ ਹੋਈ ਅਤੇ ਉਸਨੇ ਭਰੋਸਾ ਦਿੱਤਾ ਕਿ ਵੀਡੀਓ ਦੀ ਫੋਰੈਂਸਿਕ ਜਾਂਚ ਕਰਵਾਈ ਗਈ ਹੈ, ਜਿਸ ਦੀ ਰਿਪੋਰਟ ਉਹ ਦੇ ਸਕਦਾ ਹੈ। ਹਾਲਾਂਕਿ, ਉਸ ਨੇ ਜਥੇਦਾਰ ਦਾ ਨਾਮ ਸਪਸ਼ਟ ਨਹੀਂ ਕੀਤਾ।

ਇਸ ਤੋਂ ਇਲਾਵਾ, ਸਮਰਾ ਨੇ ਆਪਣੇ ਆਪ ਨੂੰ ਸੁਤੰਤਰਤਾ ਸੰਗਰਾਮੀ ਅਤੇ ਸੰਗਰੂਰ ਤੋਂ ਸਾਬਕਾ ਅਕਾਲੀ ਵਿਧਾਇਕ ਜਗੀਰ ਸਿੰਘ ਫੱਗੂਵਾਲੀਆ ਦਾ ਪੋਤਾ ਵੀ ਦੱਸਿਆ ਹੈ।

ਇਸ ਮਾਮਲੇ ਨੇ ਪੰਜਾਬ ਦੀ ਸਿਆਸਤ ਵਿੱਚ ਨਵਾਂ ਮੋੜ ਲਿਆ ਦਿੱਤਾ ਹੈ। ਹੁਣ ਸਭ ਦੀ ਨਿਗਾਹ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਤੀਕਿਰਿਆ ਉੱਤੇ ਟਿਕੀ ਹੋਈ ਹੈ ਕਿ ਉਹ ਇਸ ਚੁਣੌਤੀ ਦਾ ਕੀ ਜਵਾਬ ਦਿੰਦੇ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।