ਵਡਾਲਾ ਖੁਰਦ (ਅੰਮ੍ਰਿਤਸਰ), 30 ਜੂਨ: ਪਿੰਡ ਵਡਾਲਾ ਖੁਰਦ ਦੇ ਸਰਕਾਰੀ ਸਕੂਲ ਵਿੱਚ ਮਹਿਲਾਵਾਂ ਲਈ ਫਾਰਮ ਭਰਨ ਸਬੰਧੀ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਸਵੇਰ ਤੋਂ ਹੀ ਮਹਿਲਾਵਾਂ ਦੀ ਵੱਡੀ ਭੀੜ ਦੇਖਣ ਨੂੰ ਮਿਲੀ, ਜੋ ਆਪਣੇ ਲੋੜੀਂਦੇ ਦਸਤਾਵੇਜ਼ਾਂ ਨਾਲ ਕੈਂਪ ਵਿੱਚ ਪਹੁੰਚੀਆਂ।

ਕੈਂਪ ਦੌਰਾਨ ਸਟਾਫ ਵੱਲੋਂ ਮਹਿਲਾਵਾਂ ਨੂੰ ਫਾਰਮ ਭਰਨ ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਉਪਰੰਤ ਅਰਜ਼ੀਆਂ ਸਵੀਕਾਰ ਕੀਤੀਆਂ ਗਈਆਂ। ਪਿੰਡ ਦੇ ਨਾਲ-ਨਾਲ ਆਸ-ਪਾਸ ਦੇ ਇਲਾਕਿਆਂ ਤੋਂ ਵੀ ਕਾਫੀ ਸੰਖਿਆ ਵਿੱਚ ਮਹਿਲਾਵਾਂ ਨੇ ਇਸ ਕੈਂਪ ਦਾ ਲਾਭ ਲਿਆ।

ਇਸ ਮੌਕੇ ਪਿੰਡ ਦੇ ਮੁਹਤਬਰ ਵਿਅਕਤੀ ਦਲਬੀਰ ਸਿੰਘ, ਹਰਪ੍ਰੀਤ ਸਿੰਘ, ਗੁਰਸ਼ਬ ਸਿੰਘ, ਹੀਰਾ ਸਿੰਘ ਅਤੇ ਬਲਜਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਉਨ੍ਹਾਂ ਨੇ ਮੌਕੇ ‘ਤੇ ਖੁਦ ਨਿਗਰਾਨੀ ਕਰਦੇ ਹੋਏ ਮਹਿਲਾਵਾਂ ਦੀ ਸਹਾਇਤਾ ਕੀਤੀ ਅਤੇ ਇਹ ਯਕੀਨੀ ਬਣਾਇਆ ਕਿ ਪਿੰਡ ਦੀਆਂ ਸਾਰੀਆਂ ਮਹਿਲਾਵਾਂ ਦੇ ਫਾਰਮ ਸੁਚੱਜੇ ਅਤੇ ਢੰਗ ਨਾਲ ਭਰੇ ਜਾਣ।

ਇਸ ਦੌਰਾਨ ਜਦੋਂ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ “ਅਸੀਂ ਕਿਸੇ ਵੀ ਤਰ੍ਹਾਂ ਦੀ ਪਾਰਟੀਬਾਜ਼ੀ ਦੇ ਆਧਾਰ ‘ਤੇ ਫਾਰਮ ਨਹੀਂ ਭਰ ਰਹੇ। ਸਾਡੀ ਕੋਸ਼ਿਸ਼ ਹੈ ਕਿ ਹਰ ਇਕ ਮਾਤਾ-ਭੈਣ ਦਾ ਫਾਰਮ ਭਰਿਆ ਜਾਵੇ, ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਵੇ।” ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨਾਲ ਇਕਸਾਰ ਵਤੀਰਾ ਕੀਤਾ ਜਾ ਰਿਹਾ ਹੈ ਅਤੇ ਹਰ ਕਿਸੇ ਦੀ ਸਹਾਇਤਾ ਕੀਤੀ ਜਾ ਰਹੀ ਹੈ।
ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਗਈ ਕਿ ਅਰਜ਼ੀਕਾਰ ਕੈਂਪ ਵਿੱਚ ਆਉਂਦੇ ਸਮੇਂ ਆਪਣੇ ਸਾਰੇ ਜ਼ਰੂਰੀ ਦਸਤਾਵੇਜ਼ ਨਾਲ ਲੈ ਕੇ ਆਉਣ ਤਾਂ ਜੋ ਪ੍ਰਕਿਰਿਆ ਨੂੰ ਤੇਜ਼ ਅਤੇ ਬਿਨਾਂ ਰੁਕਾਵਟ ਪੂਰਾ ਕੀਤਾ ਜਾ ਸਕੇ।
