ਕੈਨੇਡਾ ਦੇ ਸਰੀ (ਬ੍ਰਿਟਿਸ਼ ਕੋਲੰਬੀਆ) ਵਿੱਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ Kap’s Cafe ‘ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਵੱਡਾ ਫ਼ੈਸਲਾ ਸਾਹਮਣੇ ਆਇਆ ਹੈ। ਇਸ ਕੇਸ ਨਾਲ ਜੁੜੇ ਜਸ਼ਨਦੀਪ ਸਿੰਘ ਨੂੰ ਹੁਣ ਕੈਨੇਡਾ ਤੋਂ ਡਿਪੋਰਟ ਕੀਤਾ ਜਾਵੇਗਾ।
ਇੰਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ (IRB) ਦੇ ਟ੍ਰਿਬਿਊਨਲ ਮੈਂਬਰ ਵਾਰੈਨ ਪੁਡੀਕੌਂਬ ਨੇ ਫ਼ੈਸਲਾ ਸੁਣਾਉਂਦੇ ਸਖ਼ਤ ਰੁਖ਼ ਅਪਣਾਇਆ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕੈਨੇਡਾ ਦੇ ਲੋਕਾਂ ਲਈ ਖ਼ਤਰਾ ਬਣਦੇ ਹਨ, ਉਹ ਕਿਸੇ ਵੀ ਤਰ੍ਹਾਂ ਦੀ ਰਾਹਤ ਦੇ ਹੱਕਦਾਰ ਨਹੀਂ ਹਨ।
ਫ਼ੈਸਲੇ ਤੋਂ ਤੁਰੰਤ ਬਾਅਦ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਐਡਮੰਟਨ ਵਿੱਚ ਰਹਿ ਰਹੇ ਜਸ਼ਨਦੀਪ ਸਿੰਘ ਨੂੰ ਡਿਪੋਰਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਮੁਤਾਬਕ, ਉਸਨੂੰ ਅਗਲੇ ਹਫ਼ਤੇ ਤੱਕ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ।
ਜਾਣਕਾਰੀ ਅਨੁਸਾਰ, ਜਸ਼ਨਦੀਪ ਸਿੰਘ ਚਾਰ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਆਇਆ ਸੀ ਅਤੇ ਉਸ ਨੇ ਪੱਕੇ ਹੋਣ ਲਈ ਰਿਫਿਊਜੀ ਕੇਸ ਵੀ ਦਾਇਰ ਕੀਤਾ ਹੋਇਆ ਸੀ। ਪਰ ਟ੍ਰਿਬਿਊਨਲ ਨੇ ਉਸ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ।
ਉਸ ‘ਤੇ ਦੋਸ਼ ਹੈ ਕਿ ਉਸ ਨੇ Kap’s Cafe ਗੋਲੀਬਾਰੀ ਵਿੱਚ ਵਰਤੇ ਗਏ ਹਥਿਆਰ ਨੂੰ ਲੁਕਾਉਣ ਵਿੱਚ ਮਦਦ ਕੀਤੀ ਅਤੇ ਗੈਂਗਸਟਰਾਂ ਦਾ ਸਾਥ ਦਿੱਤਾ। ਇਹ ਹਮਲਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੋੜਿਆ ਜਾ ਰਿਹਾ ਹੈ।
ਹਾਲਾਂਕਿ ਜਸ਼ਨਦੀਪ ਸਿੰਘ ਦੇ ਖ਼ਿਲਾਫ਼ ਕੋਈ ਸਿੱਧਾ ਕਰਿਮਿਨਲ ਕੇਸ ਦਰਜ ਨਹੀਂ ਸੀ, ਪਰ ਪੁਲੀਸ ਵੱਲੋਂ ਇਕੱਠੇ ਕੀਤੇ ਗਏ ਸਬੂਤਾਂ ਅਤੇ ਵੀਡੀਓ ਦੇ ਆਧਾਰ ‘ਤੇ ਟ੍ਰਿਬਿਊਨਲ ਨੇ ਉਸਨੂੰ ਜਨਤਕ ਸੁਰੱਖਿਆ ਲਈ ਖ਼ਤਰਾ ਮੰਨਿਆ।
ਇਸ ਦੌਰਾਨ ਸਰੋਤਾਂ ਨੇ ਦੱਸਿਆ ਹੈ ਕਿ CBSA ਹੁਣ ਉਹਨਾਂ ਲੋਕਾਂ ਖ਼ਿਲਾਫ਼ ਤੇਜ਼ ਕਾਰਵਾਈ ਕਰ ਰਹੀ ਹੈ ਜੋ ਹਿੰਸਾ, ਧੋਖਾਧੜੀ ਜਾਂ ਜਾਲਸਾਜ਼ੀ ਵਿੱਚ ਸ਼ਾਮਲ ਹਨ ਜਾਂ ਬਿਨਾਂ ਢੁੱਕਵੇਂ ਕਾਰਨ ਰਿਫਿਊਜੀ ਮੰਗ ਰਹੇ ਹਨ। ਅਜਿਹੇ ਕੇਸਾਂ ਨੂੰ ਹੁਣ ਜਲਦੀ ਨਿਪਟਾਇਆ ਜਾ ਰਿਹਾ ਹੈ।