ਸ੍ਰੀ ਹੇਮਕੁੰਟ ਸਾਹਿਬ ਰੋਪਵੇ ਪ੍ਰੋਜੈਕਟ ਜਲਦ ਸ਼ੁਰੂ ਕਰਨ ਦੀ ਮੰਗ

ਚੰਡੀਗੜ੍ਹ/ਦੇਹਰਾਦੂਨ: ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਪ੍ਰਸਤਾਵਿਤ ਰੋਪਵੇ ਪ੍ਰੋਜੈਕਟ ਨੂੰ ਜਲਦੀ ਸ਼ੁਰੂ ਕਰਨ ਦੀ ਮੰਗ ਇੱਕ ਵਾਰ ਫਿਰ ਤੇਜ਼ ਹੋ ਗਈ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰਾਖੰਡ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਹੱਤਵਪੂਰਨ ਪ੍ਰੋਜੈਕਟ ਦਾ ਕੰਮ ਬਿਨਾਂ ਦੇਰੀ ਸ਼ੁਰੂ ਕੀਤਾ ਜਾਵੇ।

ਇਹ ਮਾਮਲਾ ਉਸ ਵੇਲੇ ਮੁੜ ਚਰਚਾ ਵਿੱਚ ਆਇਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਨਿਊਜ਼ੀਲੈਂਡ ਦੌਰੇ ਦੌਰਾਨ ਉੱਥੇ ਵਸਦੇ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਹੇਮਕੁੰਟ ਸਾਹਿਬ ਰੋਪਵੇ ਪ੍ਰੋਜੈਕਟ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਲਗਭਗ 2730 ਕਰੋੜ ਰੁਪਏ ਦੀ ਲਾਗਤ ਨਾਲ ਇਹ ਰੋਪਵੇ ਤਿਆਰ ਕੀਤਾ ਜਾਵੇਗਾ, ਜਿਸ ਨਾਲ ਖ਼ਾਸ ਕਰਕੇ ਬਜ਼ੁਰਗ ਅਤੇ ਅਸਮਰਥ ਸ਼ਰਧਾਲੂਆਂ ਨੂੰ ਵੱਡੀ ਸਹੂਲਤ ਮਿਲੇਗੀ।

ਟਰੱਸਟ ਦੇ ਚੇਅਰਮੈਨ ਬਿੰਦਰਾ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਪ੍ਰੋਜੈਕਟ ਦਾ ਐਲਾਨ ਕਰੀਬ ਤਿੰਨ ਸਾਲ ਪਹਿਲਾਂ ਕੀਤਾ ਗਿਆ ਸੀ ਅਤੇ ਇਸ ਦੀਆਂ ਤਿਆਰੀਆਂ ਜਾਰੀ ਹਨ। ਉਨ੍ਹਾਂ ਦੱਸਿਆ ਕਿ ਸਰਵੇਖਣ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਕੰਪਨੀ ਨੂੰ ਟੈਂਡਰ ਵੀ ਜਾਰੀ ਕੀਤਾ ਜਾ ਚੁੱਕਾ ਹੈ। ਹੁਣ ਲੋੜ ਹੈ ਕਿ ਇਸ ਦੇ ਨਿਰਮਾਣ ਕਾਰਜ ਨੂੰ ਤੁਰੰਤ ਸ਼ੁਰੂ ਕੀਤਾ ਜਾਵੇ।

ਰੋਪਵੇ ਪ੍ਰੋਜੈਕਟ ਦੀਆਂ ਖਾਸ ਵਿਸ਼ੇਸ਼ਤਾਵਾਂ

2730 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਤਹਿਤ ਲਗਭਗ 12.4 ਕਿਲੋਮੀਟਰ ਲੰਮਾ ਰੋਪਵੇ ਮਾਰਗ ਤਿਆਰ ਕੀਤਾ ਜਾਵੇਗਾ। ਇਸ ਨਾਲ ਮੌਜੂਦਾ 19 ਕਿਲੋਮੀਟਰ ਦਾ ਮੁਸ਼ਕਲ ਪਹਾੜੀ ਪੈਦਲ ਰਸਤਾ ਸਿਰਫ 36 ਮਿੰਟਾਂ ਵਿੱਚ ਤੈਅ ਕੀਤਾ ਜਾ ਸਕੇਗਾ, ਜਦਕਿ ਇਸ ਸਮੇਂ ਇਹ ਯਾਤਰਾ ਪੂਰੀ ਕਰਨ ਲਈ ਸ਼ਰਧਾਲੂਆਂ ਨੂੰ ਦੋ ਦਿਨ ਲੱਗਦੇ ਹਨ।

ਇਸ ਰੋਪਵੇ ਨਾਲ ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਆਸਾਨੀ ਨਾਲ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਸਕਣਗੇ। ਲਗਭਗ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਿਤ ਇਸ ਪਵਿੱਤਰ ਧਾਮ ਤੱਕ ਪਹੁੰਚ ਹੁਣ ਕਾਫ਼ੀ ਸੁਗਮ ਹੋ ਜਾਵੇਗੀ। ਇਸ ਪ੍ਰੋਜੈਕਟ ਨਾਲ ਧਾਰਮਿਕ ਪਰਟਨ ਨੂੰ ਵੱਡਾ ਉਤਸ਼ਾਹ ਮਿਲਣ ਦੀ ਸੰਭਾਵਨਾ ਹੈ ਅਤੇ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਵੀ ਬਲ ਮਿਲੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।