ਨਿਊਜ਼ਕਲਿਕ ਪੰਜਾਬੀ | ਅੰਮ੍ਰਿਤਸਰ
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਇੱਕ ਵੱਡੀ ਕਾਰਵਾਈ ਕਰਦਿਆਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਥਾਣਾ ਗੇਟ ਹਕੀਮਾਂ ਦੇ ਇਲਾਕੇ ਵਿੱਚ ਚੱਲ ਰਹੇ ਇੱਕ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਕੇਂਦਰ ਦੇ ਮਾਲਕ ਸਮੇਤ ਕੁੱਲ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਉਰਫ਼ ਚੌਹਾਨ (ਕੇਂਦਰ ਦਾ ਮਾਲਕ), ਸਿਮਰਨਜੀਤ ਸਿੰਘ, ਜਸ਼ਪਾਲ ਸਿੰਘ, ਅਮਨਦੀਪ ਸਿੰਘ, ਸ਼ਮਸ਼ੇਰ ਸਿੰਘ ਅਤੇ ਕਰਮਜੀਤ ਸਿੰਘ ਉਰਫ਼ ਬੌਬੀ ਵਜੋਂ ਹੋਈ ਹੈ।
43 ਮਰੀਜ਼ਾਂ ਨੂੰ ਸੁਰੱਖਿਅਤ ਬਚਾਇਆ ਗਿਆ
ਛਾਪੇਮਾਰੀ ਦੌਰਾਨ ਗੈਰ-ਕਾਨੂੰਨੀ ਤਰੀਕੇ ਨਾਲ ਚਲਾਏ ਜਾ ਰਹੇ ਕੇਂਦਰ ਵਿੱਚੋਂ 43 ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ, ਜਿਨ੍ਹਾਂ ਨੂੰ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰਵਾਇਆ ਗਿਆ, ਤਾਂ ਜੋ ਉਨ੍ਹਾਂ ਦਾ ਸਹੀ ਇਲਾਜ ਅਤੇ ਦੇਖਭਾਲ ਯਕੀਨੀ ਬਣਾਈ ਜਾ ਸਕੇ।
ਬਿਨਾਂ ਮਨਜ਼ੂਰੀ ਚੱਲ ਰਿਹਾ ਸੀ ਕੇਂਦਰ
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਨਸ਼ਾ ਛੁਡਾਊ ਕੇਂਦਰ ਬਿਨਾਂ ਕਿਸੇ ਕਾਨੂੰਨੀ ਮਨਜ਼ੂਰੀ ਅਤੇ ਲੋੜੀਂਦੀਆਂ ਮੈਡੀਕਲ ਸਹੂਲਤਾਂ ਤੋਂ ਬਿਨਾਂ ਚਲਾਇਆ ਜਾ ਰਿਹਾ ਸੀ। ਇਸ ਕਾਰਨ ਮਰੀਜ਼ਾਂ ਦੀ ਸੁਰੱਖਿਆ ਅਤੇ ਇਲਾਜ ਨੂੰ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਸੀ।
ਦੋ ਮੁਲਜ਼ਮਾਂ ‘ਤੇ ਪਹਿਲਾਂ ਵੀ ਦਰਜ ਹਨ NDPS ਐਕਟ ਦੇ ਕੇਸ
ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਜਸ਼ਪਾਲ ਸਿੰਘ ਅਤੇ ਕਰਮਜੀਤ ਸਿੰਘ ਉਰਫ਼ ਬੌਬੀ ਖ਼ਿਲਾਫ਼ ਪਹਿਲਾਂ ਵੀ NDPS ਐਕਟ ਤਹਿਤ ਮਾਮਲੇ ਦਰਜ ਹਨ। ਇਸ ਤੋਂ ਬਾਅਦ ਪੁਲਿਸ ਵੱਲੋਂ ਉਨ੍ਹਾਂ ਦੇ ਅਪਰਾਧਿਕ ਰਿਕਾਰਡ ਅਤੇ ਹੋਰ ਸੰਭਾਵਿਤ ਗਤੀਵਿਧੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਦਰਜ ਕੀਤਾ ਮਾਮਲਾ
ਇਸ ਸਬੰਧੀ ਥਾਣਾ ਗੇਟ ਹਕੀਮਾਂ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਇਸ ਗੈਰ-ਕਾਨੂੰਨੀ ਕੇਂਦਰ ਨਾਲ ਹੋਰ ਕੌਣ-ਕੌਣ ਜੁੜਿਆ ਹੋਇਆ ਸੀ ਅਤੇ ਇਸ ਦਾ ਨੈੱਟਵਰਕ ਕਿੰਨਾ ਵੱਡਾ ਸੀ।
