ਜਲੰਧਰ, 19 ਜੁਲਾਈ: ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਨਵੇਂ ਸਰੂਪ ਵਿੱਚ ਤਿਆਰ ਕੀਤੇ ਗਏ ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਉਦਘਾਟਨ ਤੋਂ ਤੁਰੰਤ ਬਾਅਦ ਲਿਫ਼ਟਾਂ, ਐਸਕੇਲੇਟਰ, ਏਸੀ ਵੇਟਿੰਗ ਹਾਲ ਅਤੇ ਹੋਰ ਯਾਤਰੀ ਸਹੂਲਤਾਂ ਬੰਦ ਹੋਣ ਕਾਰਨ ਉੱਠੇ ਸਵਾਲਾਂ ‘ਤੇ ਰੇਲਵੇ ਪ੍ਰਸ਼ਾਸਨ ਨੇ ਆਪਣਾ ਸਪੱਸ਼ਟੀਕਰਨ ਜਾਰੀ ਕੀਤਾ ਹੈ। ਰੇਲਵੇ ਦਾ ਕਹਿਣਾ ਹੈ ਕਿ ਇਹ ਸਥਿਤੀ ਸਿਰਫ਼ ਆਰਜ਼ੀ ਸੀ ਅਤੇ ਹੁਣ ਸਾਰੀਆਂ ਸਹੂਲਤਾਂ ਨੂੰ ਆਮ ਯਾਤਰੀਆਂ ਲਈ ਮੁੜ ਚਾਲੂ ਕੀਤਾ ਜਾ ਰਿਹਾ ਹੈ।
ਫ਼ਿਰੋਜ਼ਪੁਰ ਮੰਡਲ ਦੇ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐੱਮ) ਸੰਜੀਵ ਕੁਮਾਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਦਘਾਟਨੀ ਸਮਾਗਮ ਕਾਰਨ ਸਟੇਸ਼ਨ ‘ਤੇ ਸੁਰੱਖਿਆ ਅਤੇ ਵੀਆਈਪੀ ਪ੍ਰਬੰਧਾਂ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਸਨ। ਸਮਾਗਮ ਵਿੱਚ ਕਰੀਬ 4,000 ਤੋਂ 5,000 ਲੋਕਾਂ ਦੀ ਸ਼ਮੂਲੀਅਤ ਹੋਣ ਕਾਰਨ ਜਨਰੇਟਰ ਸੈੱਟ, ਐਲਈਡੀ ਸਕ੍ਰੀਨਾਂ, ਆਰਜ਼ੀ ਵਾਇਰਿੰਗ, ਬੈਰੀਕੇਡਿੰਗ ਅਤੇ ਹੋਰ ਸਾਜ਼ੋ-ਸਾਮਾਨ ਲਗਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਲਿਫ਼ਟਾਂ ਅਤੇ ਐਸਕੇਲੇਟਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਣ ਲਈ ਉਨ੍ਹਾਂ ਨੂੰ ਅਸਥਾਈ ਤੌਰ ‘ਤੇ ਬੰਦ ਰੱਖਿਆ ਗਿਆ ਸੀ। ਸਮਾਗਮ ਸਮਾਪਤ ਹੋਣ ਤੋਂ ਬਾਅਦ ਰੇਲਵੇ ਦੀ ਪਹਿਲੀ ਤਰਜੀਹ ਸਟੇਸ਼ਨ ਦੀ ਸਫ਼ਾਈ, ਆਰਜ਼ੀ ਢਾਂਚਿਆਂ ਨੂੰ ਹਟਾਉਣਾ ਅਤੇ ਯਾਤਰੀ ਸਹੂਲਤਾਂ ਨੂੰ ਮੁੜ ਬਹਾਲ ਕਰਨਾ ਸੀ।
ਸ਼ਨੀਵਾਰ ਨੂੰ ਕੀਤਾ ਗਿਆ ਸਟੇਸ਼ਨ ਦਾ ਨਿਰੀਖਣ
ਡੀਆਰਐੱਮ ਸੰਜੀਵ ਕੁਮਾਰ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਰੇਲਵੇ ਅਧਿਕਾਰੀਆਂ ਨੇ ਸਟੇਸ਼ਨ ਦਾ ਦੌਰਾ ਕੀਤਾ, ਜਿਸ ਦੌਰਾਨ ਜ਼ਿਆਦਾਤਰ ਸਹੂਲਤਾਂ ਨੂੰ ਮੁੜ ਚਾਲੂ ਕਰ ਦਿੱਤਾ ਗਿਆ ਸੀ। ਐਤਵਾਰ ਨੂੰ ਵੀ ਰੇਲਵੇ ਦੀਆਂ ਟੀਮਾਂ ਸਟੇਸ਼ਨ ‘ਤੇ ਮੌਜੂਦ ਰਹੀਆਂ ਤਾਂ ਜੋ ਬਾਕੀ ਰਹਿੰਦੇ ਕੰਮਾਂ ਨੂੰ ਜਲਦੀ ਪੂਰਾ ਕਰਕੇ ਯਾਤਰੀਆਂ ਲਈ ਸਾਰੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾ ਸਕਣ।
ਏਸੀ ਵੇਟਿੰਗ ਹਾਲ ਕਿਉਂ ਰਿਹਾ ਬੰਦ?
ਗਰਾਊਂਡ ਫਲੋਰ ‘ਤੇ ਬਣੇ ਏਅਰ-ਕੰਡੀਸ਼ਨਡ (AC) ਵੇਟਿੰਗ ਹਾਲ ਦੇ ਬੰਦ ਹੋਣ ਬਾਰੇ ਡੀਆਰਐੱਮ ਨੇ ਸਪੱਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਸੁਰੱਖਿਆ ਲਈ ਤਾਇਨਾਤ ਪੁਲੀਸ ਕਰਮਚਾਰੀਆਂ ਨੂੰ ਅਸਥਾਈ ਤੌਰ ‘ਤੇ ਇਸ ਹਾਲ ਵਿੱਚ ਠਹਿਰਾਇਆ ਗਿਆ ਸੀ। ਇਸ ਤੋਂ ਬਾਅਦ ਹਾਲ ਅਤੇ ਇਸ ਨਾਲ ਜੁੜੇ ਪਖਾਨਿਆਂ ਦੀ ਸਫ਼ਾਈ ਅਤੇ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਹ ਆਮ ਯਾਤਰੀਆਂ ਲਈ ਖੋਲ੍ਹ ਦਿੱਤਾ ਜਾਵੇਗਾ।
ਰੱਖ-ਰਖਾਅ ਦੀ ਜ਼ਿੰਮੇਵਾਰੀ ਰੇਲਵੇ ਕੋਲ
ਸੰਜੀਵ ਕੁਮਾਰ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਠੇਕੇਦਾਰ ਸਿਰਫ਼ ਡਿਫੈਕਟ ਲਾਇਬਿਲਟੀ ਪੀਰੀਅਡ ਦੌਰਾਨ ਹੀ ਲਿਫ਼ਟਾਂ, ਐਸਕੇਲੇਟਰਾਂ ਅਤੇ ਹੋਰ ਉਪਕਰਨਾਂ ਦੀ ਸੰਭਾਲ ਲਈ ਜਵਾਬਦੇਹ ਹੁੰਦਾ ਹੈ। ਇਸ ਤੋਂ ਬਾਅਦ ਇਨ੍ਹਾਂ ਨੂੰ ਰੋਜ਼ਾਨਾ ਚਲਾਉਣ ਅਤੇ ਸੰਭਾਲਣ ਦੀ ਜ਼ਿੰਮੇਵਾਰੀ ਰੇਲਵੇ ਪ੍ਰਸ਼ਾਸਨ ਦੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਜਲੰਧਰ ਕੈਂਟ ਰੇਲਵੇ ਸਟੇਸ਼ਨ ਨੂੰ ਪਹਿਲਾਂ ਨਾਲੋਂ ਕਈ ਗੁਣਾ ਆਧੁਨਿਕ ਬਣਾਇਆ ਗਿਆ ਹੈ। ਯਾਤਰੀਆਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਵਾਧੂ ਸਟਾਫ਼ ਦੀ ਭਰਤੀ ਅਤੇ ਤਾਇਨਾਤੀ ਵੀ ਜਲਦ ਕੀਤੀ ਜਾਵੇਗੀ, ਤਾਂ ਜੋ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਆਵੇ।
