ਅੰਮ੍ਰਿਤਸਰ 'ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ, 9 ਕਾਬੂ; 4 ਪੈਟਰੋਲ ਬੰਬ ਤੇ 3 ਪਿਸਤੌਲ ਬਰਾਮਦ

ਵਿਦੇਸ਼ੀ ਆਈ.ਐਸ.ਆਈ. ਹੈਂਡਲਰਾਂ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੇ ਸਨ ਮੁਲਜ਼ਮ, ਸੁਰੱਖਿਆ ਅਦਾਰਿਆਂ ਦੀ ਰੇਕੀ ਵੀ ਕਰ ਰਹੇ ਸਨ

ਅੰਮ੍ਰਿਤਸਰ/ਚੰਡੀਗੜ੍ਹ: ਪੰਜਾਬ ਵਿੱਚ ਅਮਨ-ਕਾਨੂੰਨ ਨੂੰ ਚੁਣੌਤੀ ਦੇਣ ਦੀ ਇੱਕ ਹੋਰ ਵੱਡੀ ਕੋਸ਼ਿਸ਼ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਮੇਂ ਸਿਰ ਨਾਕਾਮ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਚੱਲ ਰਹੀ ਸੁਰੱਖਿਆ ਮੁਹਿੰਮ ਤਹਿਤ ਪੁਲਿਸ ਨੇ ਆਈ.ਐਸ.ਆਈ. ਦੀ ਹਮਾਇਤ ਵਾਲੇ ਦੋ ਸਰਹੱਦ ਪਾਰਲੇ ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕਰਦਿਆਂ ਚਾਰ ਨਾਬਾਲਗਾਂ ਸਮੇਤ ਕੁੱਲ ਨੌਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਚਾਰ ਪੈਟਰੋਲ ਬੰਬ, ਤਿੰਨ ਗੈਰ-ਕਾਨੂੰਨੀ ਪਿਸਤੌਲ, ਨੌਂ ਜ਼ਿੰਦਾ ਕਾਰਤੂਸ ਅਤੇ ਇੱਕ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।

ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ ਵਿੱਚ ਬੈਠੇ ਆਈ.ਐਸ.ਆਈ. ਹੈਂਡਲਰਾਂ ਦੇ ਸੰਪਰਕ ਵਿੱਚ ਸਨ। ਉਹ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ, ਸਥਾਨਕ ਨੌਜਵਾਨਾਂ ਨੂੰ ਭਰਤੀ ਕਰਨ, ਗੈਰ-ਕਾਨੂੰਨੀ ਹਥਿਆਰ ਮੁਹੱਈਆ ਕਰਵਾਉਣ ਅਤੇ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਸਾਜ਼ਿਸ਼ ਰਚ ਰਹੇ ਸਨ।

ਸੁਰੱਖਿਆ ਅਦਾਰਿਆਂ ਦੀ ਰੇਕੀ ਕਰ ਰਹੇ ਸਨ ਮੁਲਜ਼ਮ

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਸੁਰੱਖਿਆ ਅਦਾਰਿਆਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਰੇਕੀ ਕਰ ਰਹੇ ਸਨ। ਇਸ ਤੋਂ ਇਲਾਵਾ ਰੇਲਵੇ ਟਰੈਕਾਂ ਦੇ ਨੇੜੇ ਸਰਵੇਲੈਂਸ ਕੈਮਰੇ ਲਗਾ ਕੇ ਉਨ੍ਹਾਂ ਦੀ ਫੁਟੇਜ ਵਿਦੇਸ਼ੀ ਹੈਂਡਲਰਾਂ ਤੱਕ ਭੇਜੀ ਜਾ ਰਹੀ ਸੀ। ਇਹ ਖੁਲਾਸਾ ਜਾਂਚ ਨੂੰ ਹੋਰ ਵੀ ਗੰਭੀਰ ਬਣਾਉਂਦਾ ਹੈ।

ਪਹਿਲੀ ਕਾਰਵਾਈ ਵਿੱਚ ਤਿੰਨ ਮੁਲਜ਼ਮ ਕਾਬੂ

ਪੁਲਿਸ ਵੱਲੋਂ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਕਾਰਵਾਈ ਦੌਰਾਨ ਵੰਸ਼ ਕੁਮਾਰ ਨੂੰ ਇੱਕ ਨਾਬਾਲਗ ਸਾਥੀ ਸਮੇਤ ਕਾਬੂ ਕੀਤਾ ਗਿਆ। ਉਨ੍ਹਾਂ ਕੋਲੋਂ .32 ਬੋਰ ਦਾ ਇੱਕ ਗੈਰ-ਕਾਨੂੰਨੀ ਦੇਸੀ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ‘ਤੇ ਅਨਮੋਲ ਸਿੰਘ ਉਰਫ਼ ਸਾਹਿਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ, ਜਿਸ ‘ਤੇ ਹਥਿਆਰ ਸਪਲਾਈ ਕਰਨ ਦਾ ਦੋਸ਼ ਹੈ।

ਜੇਲ੍ਹ ਵਿੱਚੋਂ ਚੱਲ ਰਿਹਾ ਸੀ ਨੈੱਟਵਰਕ

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਬੰਦ ਸੁਖਦੇਵ ਸਿੰਘ ਨੇ ਹਰਮਨ ਸਿੰਘ ਉਰਫ਼ ਹੰਮੂ ਦੇ ਕਹਿਣ ‘ਤੇ ਪੇਟੀਐਮ ਰਾਹੀਂ ਰੇਲਵੇ ਟਰੈਕਾਂ ਨੇੜੇ ਲਗਾਏ ਗਏ ਸਰਵੇਲੈਂਸ ਕੈਮਰਿਆਂ ਲਈ ਵਿੱਤੀ ਲੈਣ-ਦੇਣ ਕੀਤਾ ਸੀ। ਦੋਵੇਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਇਸ ਮਾਮਲੇ ਵਿੱਚ ਰਸਮੀ ਤੌਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਦੂਜੇ ਮਾਡਿਊਲ ਤੋਂ ਵੀ ਪੈਟਰੋਲ ਬੰਬ ਬਰਾਮਦ

ਇੱਕ ਹੋਰ ਆਪਰੇਸ਼ਨ ਦੌਰਾਨ ਪੁਲਿਸ ਨੇ ਦੋ ਨਾਬਾਲਗਾਂ ਨੂੰ .32 ਬੋਰ ਦੇਸੀ ਪਿਸਤੌਲ, ਦੋ ਪੈਟਰੋਲ ਬੰਬ ਅਤੇ ਇੱਕ ਲਾਈਟਰ ਸਮੇਤ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਉਹ ਆਪਣੇ ਹੋਰ ਦੋ ਸਾਥੀਆਂ ਨਾਲ ਮਿਲ ਕੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ। ਇਸ ਤੋਂ ਬਾਅਦ ਸੁਖਮਨ ਸਿੰਘ ਅਤੇ ਇੱਕ ਹੋਰ ਨਾਬਾਲਗ ਨੂੰ ਵੀ ਕਾਬੂ ਕਰ ਲਿਆ ਗਿਆ, ਜਿਨ੍ਹਾਂ ਕੋਲੋਂ ਦੋ ਹੋਰ ਪੈਟਰੋਲ ਬੰਬ ਅਤੇ ਇੱਕ .30 ਬੋਰ ਪਿਸਤੌਲ ਬਰਾਮਦ ਕੀਤਾ ਗਿਆ।

ਪਹਿਲਾਂ ਵੀ ਦਰਜ ਹਨ ਗੰਭੀਰ ਕੇਸ

ਪੁਲਿਸ ਮੁਤਾਬਕ ਸੁਖਦੇਵ ਸਿੰਘ ਅਤੇ ਹਰਮਨ ਸਿੰਘ ਉਰਫ਼ ਹੰਮੂ ਪਹਿਲਾਂ ਵੀ ਰਾਜਾਸਾਂਸੀ ਥਾਣੇ ਵਿੱਚ ਦਰਜ ਅਸਲਾ ਐਕਟ ਦੇ ਇੱਕ ਮਾਮਲੇ ਵਿੱਚ ਨਾਮਜ਼ਦ ਹਨ, ਜਿਸ ਵਿੱਚ ਉਨ੍ਹਾਂ ਕੋਲੋਂ ਚਾਰ ਗਲੋਕ ਪਿਸਤੌਲ ਬਰਾਮਦ ਹੋਏ ਸਨ।

ਜਾਂਚ ਜਾਰੀ, ਹੋਰ ਖੁਲਾਸਿਆਂ ਦੀ ਸੰਭਾਵਨਾ

ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਜਾਂਚ ਅਜੇ ਜਾਰੀ ਹੈ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ, ਵਿਦੇਸ਼ੀ ਹੈਂਡਲਰਾਂ ਨਾਲ ਸਬੰਧ, ਵਿੱਤੀ ਲੈਣ-ਦੇਣ ਅਤੇ ਹੋਰ ਸੰਭਾਵਿਤ ਅੱਤਵਾਦੀ ਗਤੀਵਿਧੀਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਹੋਰ ਵੀ ਅਹਿਮ ਖੁਲਾਸੇ ਹੋ ਸਕਦੇ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।