ਸ੍ਰੀ ਅਕਾਲ ਤਖ਼ਤ ਸਾਹਿਬ :ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਨੁੱਖੀ ਅਧਿਕਾਰਾਂ ਦੇ ਹਿਮਾਇਤੀ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ 14 ਜੁਲਾਈ ਨੂੰ ਹੋਣ ਵਾਲੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਮੂਲੀਅਤ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਈ ਖਾਲੜਾ ਕਦੇ ਵੀ ਲਾਵਾਰਿਸ ਨਹੀਂ ਸਨ, ਸਗੋਂ ਸਾਰਾ ਪੰਥ ਉਨ੍ਹਾਂ ਦਾ ਵਾਰਿਸ ਹੈ।
ਇਸ ਵੇਲੇ ਵਿਦੇਸ਼ ਦੌਰੇ ‘ਤੇ ਮੌਜੂਦ ਜਥੇਦਾਰ ਗੜਗੱਜ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਦੱਸਿਆ ਕਿ 14 ਜੁਲਾਈ ਸ਼ਾਮ 6 ਵਜੇ ਹਰੀਕੇ ਪੱਤਣ ਵਿਖੇ ਅਰਦਾਸ ਸਮਾਗਮ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਸਿੱਖ ਸੰਗਤਾਂ, ਸ਼ਹੀਦ ਪਰਿਵਾਰਾਂ, ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਨਿਆਂ ਦੇ ਹਮਾਇਤੀਆਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ।
ਉਨ੍ਹਾਂ ਆਪਣੇ ਸੰਦੇਸ਼ ਵਿੱਚ 1980 ਤੋਂ 2000 ਤੱਕ ਦੇ ਦੌਰ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਸਮੇਂ ਦੌਰਾਨ ਪੰਜਾਬ ਵਿੱਚ ਸਿੱਖ ਨੌਜਵਾਨਾਂ ਦੇ ਮਨੁੱਖੀ ਅਧਿਕਾਰਾਂ ਦੀ ਭਾਰੀ ਉਲੰਘਣਾ ਹੋਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੇਂਦਰੀ ਜਾਂਚ ਬਿਊਰੋ (CBI) ਵੱਲੋਂ ਕੀਤੀ ਗਈ ਜਾਂਚ ਦੇ ਆਧਾਰ ‘ਤੇ ਕਈ ਦੋਸ਼ੀਆਂ ਨੂੰ ਸਜ਼ਾਵਾਂ ਵੀ ਮਿਲੀਆਂ।
ਜਥੇਦਾਰ ਗੜਗੱਜ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ ਉਹਨਾਂ ਮਾਮਲਿਆਂ ਨੂੰ ਬੇਨਕਾਬ ਕੀਤਾ, ਜਿੱਥੇ ਸਿੱਖ ਨੌਜਵਾਨਾਂ ਨੂੰ ਮਾਰ ਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਦੱਸ ਕੇ ਸਾੜ ਦਿੱਤਾ ਜਾਂਦਾ ਸੀ। ਉਨ੍ਹਾਂ ਨੇ ਅੰਮ੍ਰਿਤਸਰ, ਤਰਨ ਤਾਰਨ ਅਤੇ ਪੱਟੀ ਦੇ ਸ਼ਮਸ਼ਾਨਘਾਟਾਂ ਵਿੱਚੋਂ ਹਜ਼ਾਰਾਂ ਅਜਿਹੀਆਂ ਲਾਸ਼ਾਂ ਦਾ ਰਿਕਾਰਡ ਇਕੱਠਾ ਕੀਤਾ ਸੀ, ਜਿਨ੍ਹਾਂ ਦੇ ਵਾਰਸ ਮੌਜੂਦ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਬਿਨਾਂ ਪਛਾਣ ਦੇ ਸਾੜਿਆ ਗਿਆ।
ਇਸ ਤੋਂ ਇਲਾਵਾ ਕਈ ਮਾਮਲਿਆਂ ਵਿੱਚ ਲਾਸ਼ਾਂ ਨੂੰ ਹਰੀਕੇ ਪੱਤਣ ਵਿੱਚ ਦਰਿਆ ਦੇ ਹਵਾਲੇ ਕਰ ਦਿੱਤਾ ਜਾਂਦਾ ਸੀ। ਜਥੇਦਾਰ ਨੇ ਦੱਸਿਆ ਕਿ ਭਾਈ ਖਾਲੜਾ ਨੇ ਉਸ ਸਮੇਂ ਮਨੁੱਖੀ ਹੱਕਾਂ ਦੀ ਰੱਖਿਆ ਲਈ ਆਵਾਜ਼ ਬੁਲੰਦ ਕੀਤੀ, ਪਰ ਆਖਿਰਕਾਰ ਉਨ੍ਹਾਂ ਨਾਲ ਵੀ ਅਨਿਆਂ ਹੋਇਆ ਅਤੇ ਉਨ੍ਹਾਂ ਦੀ ਲਾਸ਼ ਨੂੰ ਵੀ ਲਾਵਾਰਿਸ ਦੱਸ ਕੇ ਦਰਿਆ ਵਿੱਚ ਵਗਾ ਦਿੱਤਾ ਗਿਆ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਈ ਖਾਲੜਾ ਦੀ ਕੁਰਬਾਨੀ ਕਦੇ ਵੀ ਵਿਅਰਥ ਨਹੀਂ ਜਾਵੇਗੀ ਅਤੇ ਪੰਥ ਹਮੇਸ਼ਾਂ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲ ਕੇ ਰੱਖੇਗਾ। ਉਨ੍ਹਾਂ ਨੇ ਖਾਲੜਾ ਮਿਸ਼ਨ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਦੇ ਯਤਨਾਂ ਦੀ ਵੀ ਸਰਾਹਨਾ ਕੀਤੀ।