ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਧੜੇ ਦੀ ਕਰੀਬ ਦੋ ਘੰਟੇ ਚੱਲੀ ਅਹਿਮ ਮੀਟਿੰਗ ਸਮਾਪਤ ਹੋ ਗਈ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਭੂਪੇਸ਼ ਬਘੇਲ ਨੇ ਸਪੱਸ਼ਟ ਕੀਤਾ ਕਿ ਪਾਰਟੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਨਾਰਾਜ਼ਗੀ ਨਹੀਂ ਹੈ ਅਤੇ ਸਾਰੇ ਆਗੂ ਹਾਈਕਮਾਨ ਦੇ ਹਰ ਫ਼ੈਸਲੇ ਨਾਲ ਖੜ੍ਹੇ ਹਨ।
ਬਘੇਲ ਨੇ ਕਿਹਾ ਕਿ ਮੀਟਿੰਗ ਦੌਰਾਨ ਸਾਰੇ ਆਗੂਆਂ ਨੇ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕੀਤੇ ਹਨ, ਜਿਨ੍ਹਾਂ ਨੂੰ ਉਹ ਪਾਰਟੀ ਹਾਈਕਮਾਨ ਤੱਕ ਜ਼ਰੂਰ ਪਹੁੰਚਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਦਾ ਮੁੱਖ ਉਦੇਸ਼ ਇਕਜੁੱਟ ਹੋ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀ ਕਰਨਾ ਹੈ।
ਚਰਨਜੀਤ ਸਿੰਘ ਚੰਨੀ ਵੱਲੋਂ ਮੀਟਿੰਗ ਲਈ ਦਿੱਤੇ ਸੱਦੇ ਬਾਰੇ ਪੁੱਛੇ ਜਾਣ ‘ਤੇ ਭੂਪੇਸ਼ ਬਘੇਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮੀਟਿੰਗ ਲਈ ਰਾਣਾ ਗੁਰਜੀਤ ਸਿੰਘ ਵੱਲੋਂ ਸੱਦਾ ਮਿਲਿਆ ਸੀ।
ਟਿਕਟਾਂ ਦੀ ਵੰਡ ਸਬੰਧੀ ਬਘੇਲ ਨੇ ਕਿਹਾ ਕਿ ਪਾਰਟੀ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਆਗੂਆਂ ਨੂੰ ਹੀ ਟਿਕਟ ਦੇਵੇਗੀ। ਉਨ੍ਹਾਂ ਕਿਹਾ ਕਿ ਸਾਰੇ ਸੁਝਾਅ ਅਤੇ ਚਿੰਤਾਵਾਂ ਨੂੰ ਹਾਈਕਮਾਨ ਦੇ ਸਾਹਮਣੇ ਰੱਖਿਆ ਜਾਵੇਗਾ ਅਤੇ ਅੰਤਿਮ ਫ਼ੈਸਲਾ ਵੀ ਹਾਈਕਮਾਨ ਹੀ ਕਰੇਗੀ।
ਚੰਨੀ ਧੜੇ ਵੱਲੋਂ ਰੱਖੀਆਂ ਗਈਆਂ ਦੋ ਅਹਿਮ ਮੰਗਾਂ
ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਚਰਨਜੀਤ ਸਿੰਘ ਚੰਨੀ ਧੜੇ ਨੇ ਦੋ ਮੁੱਖ ਮੰਗਾਂ ਰੱਖੀਆਂ। ਪਹਿਲੀ ਮੰਗ ਇਹ ਸੀ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਹੁਦੇ ਤੋਂ ਹਟਾਇਆ ਜਾਵੇ ਜਾਂ ਫਿਰ ਚਰਨਜੀਤ ਸਿੰਘ ਚੰਨੀ ਨੂੰ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ।
ਦੂਜੀ ਮੰਗ ਇਹ ਸੀ ਕਿ ਆਉਣ ਵਾਲੀਆਂ ਚੋਣਾਂ ਵਿੱਚ ਟਿਕਟਾਂ ਦੀ ਵੰਡ ਦੌਰਾਨ ਚਰਨਜੀਤ ਸਿੰਘ ਚੰਨੀ ਦੀ ਰਾਏ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇ।
ਹਾਲਾਂਕਿ ਸੂਤਰਾਂ ਦੇ ਅਨੁਸਾਰ ਭੂਪੇਸ਼ ਬਘੇਲ ਨੇ ਇਨ੍ਹਾਂ ਦੋਹਾਂ ਮੰਗਾਂ ‘ਤੇ ਸਹਿਮਤੀ ਨਹੀਂ ਜਤਾਈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੇ ਸਾਰੇ ਫ਼ੈਸਲੇ ਕਰਨ ਦਾ ਅਧਿਕਾਰ ਸਿਰਫ਼ ਕਾਂਗਰਸ ਹਾਈਕਮਾਨ ਕੋਲ ਹੈ। ਉਹ ਸਿਰਫ਼ ਆਗੂਆਂ ਦੀ ਰਾਏ ਹਾਈਕਮਾਨ ਤੱਕ ਪਹੁੰਚਾ ਸਕਦੇ ਹਨ, ਜਦਕਿ ਅੰਤਿਮ ਫ਼ੈਸਲਾ ਪਾਰਟੀ ਲੀਡਰਸ਼ਿਪ ਹੀ ਕਰੇਗੀ।