ਘਰ-ਜ਼ਮੀਨਾਂ ਵੇਚਣ ਤੱਕ ਪਹੁੰਚੀ ਨੌਬਤ, ਪੀੜਤਾਂ ਦਾ ਦਾਅਵਾ—50 ਕਰੋੜ ਤੋਂ ਵੱਧ ਦੀ ਰਕਮ ਫਸੀ; ਕਿਸਾਨ ਜਥੇਬੰਦੀ ਨੇ ਲਾਇਆ ਮੋਰਚਾ
ਅੰਮ੍ਰਿਤਸਰ, 8 ਅਗਸਤ 2026: ਅੰਮ੍ਰਿਤਸਰ ਵਿੱਚ ਪੈਸੇ ਡਬਲ ਕਰਨ ਅਤੇ ਪ੍ਰਾਪਰਟੀ ਕਾਰੋਬਾਰ ਦੇ ਨਾਂ ’ਤੇ ਕਥਿਤ ਤੌਰ ’ਤੇ ਕਰੋੜਾਂ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਵਿੱਚ 200 ਤੋਂ ਵੱਧ ਪੀੜਤ ਪਰਿਵਾਰਾਂ ਵੱਲੋਂ ਧਰਨਾ ਲਗਾ ਕੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਪੀੜਤਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਨਿਵੇਸ਼ ਦੇ ਬਦਲੇ 24 ਮਹੀਨਿਆਂ ਵਿੱਚ ਪੈਸੇ ਡਬਲ ਕਰਨ ਦਾ ਭਰੋਸਾ ਦਿੱਤਾ ਗਿਆ, ਜਿਸ ਤੋਂ ਬਾਅਦ ਕਈ ਲੋਕਾਂ ਨੇ ਆਪਣੀ ਜਮ੍ਹਾਂ ਪੂੰਜੀ, ਕਮੇਟੀਆਂ ਅਤੇ ਬੈਂਕਾਂ ਤੋਂ ਲਏ ਕਰਜ਼ੇ ਤੱਕ ਇਸ ਨਿਵੇਸ਼ ਵਿੱਚ ਲਗਾ ਦਿੱਤੇ।
ਪੀੜਤਾਂ ਮੁਤਾਬਕ ਸ਼ੁਰੂਆਤੀ ਦੌਰ ਵਿੱਚ ਕੁਝ ਸਮੇਂ ਤੱਕ ਪੇਮੈਂਟਾਂ ਮਿਲਦੀਆਂ ਰਹੀਆਂ, ਜਿਸ ਕਾਰਨ ਲੋਕਾਂ ਦਾ ਭਰੋਸਾ ਹੋਰ ਵਧ ਗਿਆ। ਪਰ ਬਾਅਦ ਵਿੱਚ ਪੈਸੇ ਮਿਲਣੇ ਬੰਦ ਹੋ ਗਏ ਅਤੇ ਰਕਮ ਵਾਪਸ ਮੰਗਣ ’ਤੇ ਕਥਿਤ ਤੌਰ ’ਤੇ ਲਗਾਤਾਰ ਟਾਲਮਟੋਲ ਕੀਤੀ ਜਾਂਦੀ ਰਹੀ।

‘ਅੱਜ ਦੇਵਾਂਗੇ, ਕੱਲ੍ਹ ਦੇਵਾਂਗੇ’ ਕਹਿ ਕੇ ਲੰਘਿਆ ਡੇਢ ਸਾਲ
ਪੀੜਤ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਵੀ ਆਮ ਲੋਕਾਂ ਵਾਂਗ ਇਸ ਨਿਵੇਸ਼ ਨਾਲ ਜੁੜੇ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਪਹਿਲਾਂ ਉਨ੍ਹਾਂ ਦਾ ਵਿਸ਼ਵਾਸ ਜਿੱਤਿਆ ਗਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੀ ਵੱਡੀ ਰਕਮ ਕਥਿਤ ਤੌਰ ’ਤੇ ਇਸ ਵਿੱਚ ਫਸ ਗਈ।
ਗੁਰਪ੍ਰੀਤ ਕੌਰ ਮੁਤਾਬਕ ਉਨ੍ਹਾਂ ਦੇ ਆਪਣੇ ਕਰੀਬ ਸਵਾ ਤਿੰਨ ਕਰੋੜ ਰੁਪਏ ਇਸ ਮਾਮਲੇ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਪੈਸੇ ਵਾਪਸ ਮੰਗੇ ਗਏ ਤਾਂ ਕਥਿਤ ਤੌਰ ’ਤੇ ‘ਅੱਜ ਦੇਵਾਂਗੇ, ਕੱਲ੍ਹ ਦੇਵਾਂਗੇ’ ਦੇ ਭਰੋਸੇ ਦਿੱਤੇ ਜਾਂਦੇ ਰਹੇ। ਉਨ੍ਹਾਂ ਮੁਤਾਬਕ ਹੁਣ ਡੇਢ ਤੋਂ ਪੌਣੇ ਦੋ ਸਾਲ ਦਾ ਸਮਾਂ ਬੀਤ ਚੁੱਕਾ ਹੈ, ਪਰ ਪੈਸੇ ਵਾਪਸ ਨਹੀਂ ਮਿਲੇ।
ਮਕਾਨਾਂ ਦੇ ਪੈਸੇ ਅਤੇ ਬੈਂਕ ਲੋਨ ਵੀ ਲਗਾਉਣ ਦਾ ਦਾਅਵਾ
ਇੱਕ ਹੋਰ ਪੀੜਤ ਨੀਲਮ ਪਾਲ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਕਾਨਾਂ ਦੀ ਰਕਮ ਅਤੇ ਬੈਂਕਾਂ ਤੋਂ ਲਏ ਕਰਜ਼ੇ ਤੱਕ ਇਸ ਨਿਵੇਸ਼ ਵਿੱਚ ਲਗਾਏ ਗਏ ਸਨ।
ਪੀੜਤ ਪਰਿਵਾਰ ਮੁਤਾਬਕ ਸ਼ੁਰੂ ਵਿੱਚ ਕੁਝ ਮਹੀਨਿਆਂ ਤੱਕ ਪੇਮੈਂਟਾਂ ਮਿਲਦੀਆਂ ਰਹੀਆਂ, ਜਿਸ ਕਾਰਨ ਉਨ੍ਹਾਂ ਨੂੰ ਪੂਰਾ ਭਰੋਸਾ ਹੋ ਗਿਆ। ਪਰ ਬਾਅਦ ਵਿੱਚ ਪੇਮੈਂਟਾਂ ਰੁਕ ਗਈਆਂ। ਉਨ੍ਹਾਂ ਦਾ ਦਾਅਵਾ ਹੈ ਕਿ ਕਰੀਬ 80 ਤੋਂ 90 ਲੱਖ ਰੁਪਏ ਦੀ ਰਕਮ ਅਜੇ ਵੀ ਬਾਕੀ ਹੈ ਅਤੇ ਇਸ ਸਬੰਧੀ ਦਿੱਤੇ ਗਏ ਕੁਝ ਚੈੱਕ ਵੀ ਬਾਊਂਸ ਹੋ ਚੁੱਕੇ ਹਨ।
ਪੀੜਤ ਨੇ ਕਿਹਾ ਕਿ ਹਾਲਾਤ ਇੰਨੇ ਗੰਭੀਰ ਹੋ ਗਏ ਹਨ ਕਿ ਉਨ੍ਹਾਂ ਦੇ ਆਪਣੇ ਘਰ ਨੂੰ ਵੇਚਣ ਤੱਕ ਦੀ ਨੌਬਤ ਆ ਗਈ ਹੈ।
ਕਿਸਾਨ ਜਥੇਬੰਦੀ ਨੇ ਲਾਇਆ ਮੋਰਚਾ
ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਝਾ ਵੱਲੋਂ ਵੀ ਪੀੜਤਾਂ ਦੇ ਹੱਕ ਵਿੱਚ ਮੋਰਚਾ ਲਾਇਆ ਗਿਆ ਹੈ।
ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਸੇਵਕ ਸਿੰਘ ਧਾਲੀਵਾਲ ਨੇ ਦੋਸ਼ ਲਾਇਆ ਕਿ ਇਸ ਕਥਿਤ ਧੋਖਾਧੜੀ ਨਾਲ ਸਾਬਕਾ ਫੌਜੀ, ਸਾਬਕਾ ਪੁਲਿਸ ਮੁਲਾਜ਼ਮ, ਕਾਰੋਬਾਰੀ ਅਤੇ ਆਮ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਪ੍ਰਭਾਵਿਤ ਹੋਏ ਹਨ।
ਉਨ੍ਹਾਂ ਦੇ ਦਾਅਵੇ ਮੁਤਾਬਕ ਸ਼ੁਰੂਆਤੀ ਤੌਰ ’ਤੇ ਕਰੀਬ 100 ਕਰੋੜ ਰੁਪਏ ਦੀ ਕਥਿਤ ਠੱਗੀ ਦੀ ਗੱਲ ਸਾਹਮਣੇ ਆਈ ਸੀ ਅਤੇ ਪੀੜਤਾਂ ਦੀ ਗਿਣਤੀ ਵਧਣ ਨਾਲ ਇਹ ਰਕਮ ਹੋਰ ਵਧ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਹੋਰ ਸੂਬਿਆਂ ਦੇ ਲੋਕ ਵੀ ਸ਼ਿਕਾਇਤਾਂ ਲੈ ਕੇ ਸਾਹਮਣੇ ਆ ਰਹੇ ਹਨ।
ਕਿਸਾਨ ਆਗੂ ਮੁਤਾਬਕ ਲੋਕਾਂ ਨੂੰ ਕਥਿਤ ਤੌਰ ’ਤੇ 25 ਤੋਂ 40 ਲੱਖ ਰੁਪਏ ਜਾਂ ਇਸ ਤੋਂ ਵੱਧ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਸੀ ਅਤੇ ਅੱਗੇ ਹੋਰ ਲੋਕਾਂ ਨੂੰ ਜੋੜਨ ਲਈ ਵੀ ਕਿਹਾ ਜਾਂਦਾ ਸੀ।
ਉਨ੍ਹਾਂ ਦੀ ਮੰਗ ਹੈ ਕਿ ਹਰ ਜ਼ਿਲ੍ਹੇ ਵਿੱਚ ਪੀੜਤਾਂ ਦੀਆਂ ਵੱਖ-ਵੱਖ ਸ਼ਿਕਾਇਤਾਂ ਦਰਜ ਕਰਕੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਨਸਾਫ਼ ਮਿਲਣ ਤੱਕ ਮੋਰਚਾ ਜਾਰੀ ਰਹੇਗਾ।
ਪੁਲਿਸ ਨੇ ਦਰਜ ਕੀਤੀ FIR, ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ
ਮਾਮਲੇ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੁਗਰਾਜ ਸਿੰਘ ਵੱਲੋਂ ਨਿਊ ਅੰਮ੍ਰਿਤਸਰ ਵਿੱਚ ਟ੍ਰੇਡਿੰਗ ਕੰਪਨੀ ਦੀ ਬ੍ਰਾਂਚ ਚਲਾਉਣ ਅਤੇ ਲੋਕਾਂ ਨੂੰ 24 ਮਹੀਨਿਆਂ ਵਿੱਚ ਪੈਸੇ ਡਬਲ ਕਰਨ ਦਾ ਭਰੋਸਾ ਦੇਣ ਸਬੰਧੀ ਸ਼ਿਕਾਇਤ ਮਿਲੀ ਹੈ।
ਪੁਲਿਸ ਮੁਤਾਬਕ ਇਸ ਸਬੰਧੀ ਥਾਣਾ ਮਕਬੂਲਪੁਰਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮ ਦੀ ਜਲਦ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਫਿਲਹਾਲ ਇੱਕ ਸ਼ਿਕਾਇਤਕਰਤਾ ਦੇ ਬਿਆਨ ਦਰਜ ਕੀਤੇ ਗਏ ਹਨ। ਹੋਰ ਪੀੜਤਾਂ ਦੇ ਬਿਆਨ ਦਰਜ ਕਰਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਅੱਗੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਅਨੁਸਾਰ ਹੁਣ ਤੱਕ ਸਾਹਮਣੇ ਆਇਆ ਮਾਮਲਾ 50 ਕਰੋੜ ਰੁਪਏ ਤੋਂ ਵੱਧ ਦਾ ਹੈ। ਜਾਂਚ ਅੱਗੇ ਵਧਣ ਤੋਂ ਬਾਅਦ ਕਥਿਤ ਤੌਰ ’ਤੇ ਫਸੀ ਕੁੱਲ ਰਕਮ ਅਤੇ ਪ੍ਰਭਾਵਿਤ ਲੋਕਾਂ ਦੀ ਸਹੀ ਗਿਣਤੀ ਸਪਸ਼ਟ ਹੋਵੇਗੀ।
ਪੀੜਤਾਂ ਦੀਆਂ ਮੰਗਾਂ ਕੀ ਹਨ?
ਪੀੜਤ ਪਰਿਵਾਰਾਂ ਦੀ ਮੰਗ ਹੈ ਕਿ ਉਨ੍ਹਾਂ ਦੀ ਫਸੀ ਹੋਈ ਰਕਮ ਵਾਪਸ ਦਿਵਾਈ ਜਾਵੇ, ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਜੇ ਦੋਸ਼ ਸਾਬਤ ਹੁੰਦੇ ਹਨ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
