ਜੁਗਰਾਜ ਸਿੰਘ ‘ਤੇ ਕਰੋੜਾਂ ਦੀ ਠੱਗੀ ਦੇ ਦੋਸ਼, ਘਰ ਤੋਂ ਗੋਲਡਨ ਗੇਟ ਤੱਕ ਰੋਸ ਮਾਰਚ

ਅੰਮ੍ਰਿਤਸਰ: ਸ਼ਹਿਰ ਵਿੱਚ ਪੈਸੇ ਡਬਲ ਕਰਨ ਦੇ ਨਾਂ ‘ਤੇ ਹੋਈ ਕਥਿਤ ਕਰੋੜਾਂ ਰੁਪਏ ਦੀ ਠੱਗੀ ਦਾ ਮਾਮਲਾ ਹੁਣ ਭਖਦਾ ਜਾ ਰਿਹਾ ਹੈ। ਜੁਗਰਾਜ ਸਿੰਘ ਨਾਮਕ ਵਿਅਕਤੀ ਖ਼ਿਲਾਫ਼ ਸੈਂਕੜਿਆਂ ਪੀੜਤ ਪਰਿਵਾਰਾਂ ਵੱਲੋਂ ਗੰਭੀਰ ਦੋਸ਼ ਲਗਾਏ ਗਏ ਹਨ। ਪਹਿਲਾਂ ਧਰਨਾ ਲਗਾਉਣ ਤੋਂ ਬਾਅਦ ਹੁਣ ਪੀੜਤਾਂ ਨੇ ਵੱਡੇ ਪੱਧਰ ‘ਤੇ ਰੋਸ ਮਾਰਚ ਕੱਢਦੇ ਹੋਏ ਇਨਸਾਫ਼ ਦੀ ਮੰਗ ਕੀਤੀ।

ਇਹ ਰੋਸ ਮਾਰਚ ਜੁਗਰਾਜ ਸਿੰਘ ਦੇ ਘਰ ਤੋਂ ਸ਼ੁਰੂ ਹੋ ਕੇ ਗੋਲਡਨ ਗੇਟ ਤੱਕ ਕੱਢਿਆ ਗਿਆ, ਜਿਸ ਦੌਰਾਨ ਪੀੜਤਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ।

ਪੀੜਤਾਂ ਦਾ ਦੋਸ਼ ਹੈ ਕਿ ਜੁਗਰਾਜ ਸਿੰਘ ਵੱਲੋਂ ਟ੍ਰੇਡਿੰਗ ਅਤੇ ਪ੍ਰਾਪਰਟੀ ਕਾਰੋਬਾਰ ਦੇ ਨਾਂ ‘ਤੇ ਲੋਕਾਂ ਨੂੰ 24 ਮਹੀਨਿਆਂ ਵਿੱਚ ਪੈਸੇ ਡਬਲ ਕਰਨ ਦਾ ਲਾਲਚ ਦਿੱਤਾ ਗਿਆ। ਇਸ ਝਾਂਸੇ ਵਿੱਚ ਆ ਕੇ 200 ਤੋਂ ਵੱਧ ਪਰਿਵਾਰਾਂ ਨੇ ਆਪਣੀ ਜਮ੍ਹਾ ਪੂੰਜੀ, ਕਮੇਟੀਆਂ ਦੇ ਪੈਸੇ ਅਤੇ ਬੈਂਕਾਂ ਤੋਂ ਲਏ ਕਰਜ਼ੇ ਤੱਕ ਇਸ ਸਕੀਮ ਵਿੱਚ ਲਗਾ ਦਿੱਤੇ।

ਪੀੜਤ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸ਼ੁਰੂ ਵਿੱਚ ਕੁਝ ਸਮੇਂ ਲਈ ਪੇਮੈਂਟਾਂ ਦਿੱਤੀਆਂ ਗਈਆਂ ਤਾਂ ਜੋ ਲੋਕਾਂ ਦਾ ਭਰੋਸਾ ਬਣਾਇਆ ਜਾ ਸਕੇ, ਪਰ ਬਾਅਦ ਵਿੱਚ ਸਾਰੇ ਭੁਗਤਾਨ ਰੁਕ ਗਏ। ਉਨ੍ਹਾਂ ਮੁਤਾਬਕ ਉਨ੍ਹਾਂ ਦੇ ਆਪਣੇ ਹੀ ਕਰੀਬ ਸਵਾ ਤਿੰਨ ਕਰੋੜ ਰੁਪਏ ਫਸੇ ਹੋਏ ਹਨ ਅਤੇ ਪਿਛਲੇ ਡੇਢ ਤੋਂ ਦੋ ਸਾਲਾਂ ਤੋਂ ਸਿਰਫ਼ ਝੂਠੇ ਵਾਅਦੇ ਹੀ ਕੀਤੇ ਜਾ ਰਹੇ ਹਨ।

ਨੀਲਮ ਪਾਲ ਦੇ ਪਰਿਵਾਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਨੇ ਘਰ ਵੇਚਣ ਤੱਕ ਦੀ ਨੌਬਤ ਵਿੱਚ ਪੈਸੇ ਲਗਾਏ ਅਤੇ ਬੈਂਕਾਂ ਤੋਂ ਕਰਜ਼ੇ ਵੀ ਲਏ। ਉਨ੍ਹਾਂ ਨੇ ਦੱਸਿਆ ਕਿ ਕਰੀਬ 80 ਤੋਂ 90 ਲੱਖ ਰੁਪਏ ਅਜੇ ਵੀ ਵਾਪਸ ਨਹੀਂ ਮਿਲੇ ਅਤੇ ਜਿਹੜੇ ਚੈਕ ਦਿੱਤੇ ਗਏ ਸਨ, ਉਹ ਵੀ ਬਾਊਂਸ ਹੋ ਚੁੱਕੇ ਹਨ।

ਭਾਰਤੀ ਕਿਸਾਨ ਯੂਨੀਅਨ ਏਕਤਾ ਮਾਝਾ ਦੇ ਸੂਬਾ ਪ੍ਰਧਾਨ ਗੁਰਸੇਵਕ ਸਿੰਘ ਧਾਲੀਵਾਲ ਨੇ ਦੋਸ਼ ਲਗਾਇਆ ਕਿ ਇਹ ਮਾਮਲਾ ਵੱਡੇ ਪੱਧਰ ਦੀ ਠੱਗੀ ਹੈ ਜਿਸ ਵਿੱਚ ਸਾਬਕਾ ਫੌਜੀ, ਪੁਲਿਸ ਮੁਲਾਜ਼ਮਾਂ, ਕਾਰੋਬਾਰੀਆਂ ਅਤੇ ਆਮ ਲੋਕ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਸ਼ੁਰੂ ਵਿੱਚ ਕਰੀਬ 100 ਕਰੋੜ ਰੁਪਏ ਦੀ ਠੱਗੀ ਦਾ ਅੰਦਾਜ਼ਾ ਸੀ ਜੋ ਹੁਣ ਵਧ ਸਕਦਾ ਹੈ।

ਉਨ੍ਹਾਂ ਦੇ ਮੁਤਾਬਕ ਲੋਕਾਂ ਨੂੰ 25 ਤੋਂ 40 ਲੱਖ ਜਾਂ ਇਸ ਤੋਂ ਵੱਧ ਰਕਮ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਸੀ ਅਤੇ ਹੋਰ ਲੋਕਾਂ ਨੂੰ ਵੀ ਜੋੜਨ ਲਈ ਕਿਹਾ ਜਾਂਦਾ ਸੀ। ਪੀੜਤਾਂ ਨੇ ਮੰਗ ਕੀਤੀ ਹੈ ਕਿ ਹਰ ਜ਼ਿਲ੍ਹੇ ਵਿੱਚ ਵੱਖ-ਵੱਖ ਮਾਮਲੇ ਦਰਜ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮਕਬੂਲਪੁਰਾ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮ ਜੁਗਰਾਜ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਪੁਲਿਸ ਅਧਿਕਾਰੀਆਂ ਦੇ ਅਨੁਸਾਰ ਹੁਣ ਤੱਕ 50 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਸਾਹਮਣੇ ਆਈ ਹੈ ਅਤੇ ਜਾਂਚ ਅੱਗੇ ਵਧਣ ਨਾਲ ਇਹ ਅੰਕੜਾ ਹੋਰ ਵਧ ਸਕਦਾ ਹੈ।

ਪੀੜਤਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਵੱਡੇ ਪੱਧਰ ‘ਤੇ ਆੰਦੋਲਨ ਕੀਤੇ ਜਾਣਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।