ਅੰਮ੍ਰਿਤਸਰ, 6 ਅਗਸਤ: ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਪੱਛਮੀ ਤੋਂ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਮੋਤੀਆਬਿੰਦ (ਕੈਟਰੈਕਟ) ਦੇ ਇਲਾਜ ਸਬੰਧੀ ਉਠਾਏ ਗਏ ਸਵਾਲ ਦੇ ਜਵਾਬ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਮੋਤੀਆਬਿੰਦ ਦੀ ਸਰਜਰੀ ਇਸ ਯੋਜਨਾ ਤਹਿਤ ਪਹਿਲੇ ਦਿਨ ਤੋਂ ਹੀ ਕਵਰ ਕੀਤੀ ਗਈ ਹੈ।
ਲੱਖਾਂ ਮਰੀਜ਼ਾਂ ਨੂੰ ਮਿਲ ਸਕਦਾ ਹੈ ਲਾਭ
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੇ ਸਦਨ ਵਿੱਚ ਕਿਹਾ ਕਿ ਮੋਤੀਆਬਿੰਦ ਦੀ ਸਮੱਸਿਆ ਆਮ ਤੌਰ ‘ਤੇ 40 ਸਾਲ ਦੀ ਉਮਰ ਤੋਂ ਬਾਅਦ ਸ਼ੁਰੂ ਹੁੰਦੀ ਹੈ ਅਤੇ ਇਸ ਦੇ ਇਲਾਜ ‘ਤੇ ਕਰੀਬ 25 ਹਜ਼ਾਰ ਤੋਂ 40 ਹਜ਼ਾਰ ਰੁਪਏ ਤੱਕ ਦਾ ਖਰਚਾ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਸਹੂਲਤ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧੇ ਤਾਂ ਪੰਜਾਬ ਦੇ ਲੱਖਾਂ ਮਰੀਜ਼ਾਂ ਨੂੰ ਇਸ ਦਾ ਸਿੱਧਾ ਲਾਭ ਮਿਲ ਸਕਦਾ ਹੈ।
ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਉਪਲਬਧ ਹੈ ਸਹੂਲਤ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਮੋਤੀਆਬਿੰਦ ਦੀ ਸਰਜਰੀ ਰਿਜ਼ਰਵ ਪੈਕੇਜ ਵਿੱਚ ਪਹਿਲਾਂ ਤੋਂ ਹੀ ਸ਼ਾਮਲ ਹੈ। ਇਹ ਸਹੂਲਤ ਸਰਕਾਰੀ ਹਸਪਤਾਲਾਂ, ਸਰਕਾਰੀ ਮੈਡੀਕਲ ਕਾਲਜਾਂ ਅਤੇ ਜ਼ਿਆਦਾਤਰ ਪ੍ਰਾਈਵੇਟ ਮੈਡੀਕਲ ਕਾਲਜਾਂ ਵਿੱਚ ਉਪਲਬਧ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਕੁਝ ਸੰਸਥਾਵਾਂ ਹਾਲੇ ਇਸ ਯੋਜਨਾ ਨਾਲ ਨਹੀਂ ਜੁੜੀਆਂ, ਉਨ੍ਹਾਂ ਨੂੰ ਵੀ ਜਲਦ ਸ਼ਾਮਲ ਕਰ ਲਿਆ ਜਾਵੇਗਾ।
ਆਧੁਨਿਕ ਤਕਨੀਕ ਨਾਲ ਕੀਤੀ ਜਾ ਰਹੀ ਹੈ ਸਰਜਰੀ
ਉਨ੍ਹਾਂ ਦੱਸਿਆ ਕਿ ਮਰੀਜ਼ਾਂ ਨੂੰ ਆਧੁਨਿਕ ਫੇਕੋਇਮਲਸੀਫਿਕੇਸ਼ਨ (Phacoemulsification) ਤਕਨੀਕ ਰਾਹੀਂ ਉੱਚ ਗੁਣਵੱਤਾ ਵਾਲੇ ਹਾਈਡ੍ਰੋਫੋਬਿਕ ਲੈਂਸ ਨਾਲ ਮੋਤੀਆਬਿੰਦ ਦੀ ਸਰਜਰੀ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜਿਸ ਨਾਲ ਮਰੀਜ਼ਾਂ ਨੂੰ ਤੇਜ਼ ਅਤੇ ਬਿਹਤਰ ਇਲਾਜ ਮਿਲ ਰਿਹਾ ਹੈ।
ਗਰੀਬ ਮਰੀਜ਼ਾਂ ਲਈ ਮੁਫ਼ਤ ਆਪ੍ਰੇਸ਼ਨ ਦੀ ਵੀ ਸਹੂਲਤ
ਸਿਹਤ ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ਼ ਬਲਾਇੰਡਨੈੱਸ ਤਹਿਤ ਗਰੀਬ ਅਤੇ ਲੋੜਵੰਦ ਮਰੀਜ਼ਾਂ ਲਈ ਮੋਤੀਆਬਿੰਦ ਦੇ ਮੁਫ਼ਤ ਆਪ੍ਰੇਸ਼ਨ ਦੀ ਸਹੂਲਤ ਵੀ ਉਪਲਬਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਆਧੁਨਿਕ ਅਤੇ ਲੋਕ-ਪੱਖੀ ਬਣਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ।
ਹਰ ਪੰਜਾਬੀ ਤੱਕ ਮਿਆਰੀ ਸਿਹਤ ਸੇਵਾਵਾਂ ਪਹੁੰਚਾਉਣਾ ਸਰਕਾਰ ਦਾ ਟੀਚਾ
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਉਦੇਸ਼ ਹਰ ਪੰਜਾਬੀ ਨੂੰ ਮਿਆਰੀ, ਆਧੁਨਿਕ ਅਤੇ ਕਿਫ਼ਾਇਤੀ ਸਿਹਤ ਸੇਵਾਵਾਂ ਉਪਲਬਧ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਜਿਸ ਦਾ ਲਾਭ ਸੂਬੇ ਦੇ ਲੱਖਾਂ ਪਰਿਵਾਰਾਂ ਨੂੰ ਮਿਲ ਰਿਹਾ ਹੈ।
