ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਕੀਤਾ ਮੇਲੇ ਦਾ ਨਿਰੀਖਣ, ਵਿਦਿਆਰਥੀਆਂ ਦੇ ਉਪਰਾਲਿਆਂ ਦੀ ਕੀਤੀ ਸ਼ਲਾਘਾ
ਤਰਨ ਤਾਰਨ, 6 ਅਗਸਤ:
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਵਿੱਚ ਉੱਦਮਤਾ ਅਤੇ ਸਵੈ-ਰੁਜ਼ਗਾਰ ਦੀ ਸੋਚ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਜਾ ਰਹੀ ਬਿਜਨਸ ਬਲਾਸਟਰ ਯੋਜਨਾ ਤਹਿਤ ਜ਼ਿਲ੍ਹਾ ਤਰਨ ਤਾਰਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਬਿਜਨਸ ਬਲਾਸਟਰ ਮੇਲੇ ਕਰਵਾਏ ਗਏ। ਇਸ ਦੌਰਾਨ ਵਿਦਿਆਰਥੀਆਂ ਨੇ ਆਪਣੇ ਨਵੀਨਤਾਕਾਰੀ ਕਾਰੋਬਾਰੀ ਵਿਚਾਰਾਂ ਨੂੰ ਸਟਾਲਾਂ ਰਾਹੀਂ ਪੇਸ਼ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਸਕੂਲ ਆਫ ਐਮੀਨੈਂਸ ਤਰਨ ਤਾਰਨ (ਲੜਕੇ) ਵਿਖੇ ਲਗਾਏ ਗਏ ਮੇਲੇ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਕੁਮਾਰ ਛਾਬੜਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰਜਿੰਦਰ ਕੌਰ ਵੱਲੋਂ ਵਿਸ਼ੇਸ਼ ਨਿਰੀਖਣ ਕੀਤਾ ਗਿਆ। ਦੋਵਾਂ ਅਧਿਕਾਰੀਆਂ ਨੇ ਵਿਦਿਆਰਥੀਆਂ ਵੱਲੋਂ ਲਗਾਏ ਗਏ ਵੱਖ-ਵੱਖ ਸਟਾਲਾਂ ਦਾ ਦੌਰਾ ਕਰਦਿਆਂ ਉਨ੍ਹਾਂ ਦੀ ਰਚਨਾਤਮਕ ਸੋਚ ਅਤੇ ਕਾਰੋਬਾਰੀ ਸਮਝ ਦੀ ਸ਼ਲਾਘਾ ਕੀਤੀ।
ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਕੁਮਾਰ ਛਾਬੜਾ ਨੇ ਕਿਹਾ ਕਿ ਬਿਜਨਸ ਬਲਾਸਟਰ ਸਕੀਮ ਵਿਦਿਆਰਥੀਆਂ ਨੂੰ ਛੋਟੀ ਉਮਰ ਤੋਂ ਹੀ ਉਦਯੋਗਿਕ ਸੋਚ ਅਤੇ ਕਾਰੋਬਾਰੀ ਹੁਨਰ ਸਿੱਖਣ ਦਾ ਮੌਕਾ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਭਵਿੱਖ ਵਿੱਚ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਵੱਲ ਪ੍ਰੇਰਿਤ ਕਰਨ ਦੇ ਨਾਲ-ਨਾਲ ਰਾਜ ਦੀ ਆਰਥਿਕ ਤਰੱਕੀ ਵਿੱਚ ਵੀ ਅਹਿਮ ਭੂਮਿਕਾ ਨਿਭਾਏਗੀ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਿਜਨਸ ਬਲਾਸਟਰ ਸਕੀਮ ਤਹਿਤ 59 ਲੱਖ 51 ਹਜ਼ਾਰ ਰੁਪਏ ਦੀ ਸੀਡ ਮਨੀ ਸਿੱਧੇ ਵਿਦਿਆਰਥੀਆਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਗਈ ਹੈ। ਇਸ ਰਾਸ਼ੀ ਦੀ ਵਰਤੋਂ ਕਰਦਿਆਂ ਵਿਦਿਆਰਥੀਆਂ ਨੇ ਆਪਣੇ ਕਾਰੋਬਾਰੀ ਮਾਡਲ ਤਿਆਰ ਕਰਕੇ ਮੇਲਿਆਂ ਰਾਹੀਂ ਲੋਕਾਂ ਸਾਹਮਣੇ ਪੇਸ਼ ਕੀਤੇ।
ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ 27 ਤੋਂ 29 ਜੁਲਾਈ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਗੋਲਾ ਵਿਖੇ ਪ੍ਰਿੰਸੀਪਲ ਗੀਤਾਂਜਲੀ ਦੀ ਅਗਵਾਈ ਹੇਠ ਰਾਜ ਪੱਧਰੀ ਬਿਜਨਸ ਬਲਾਸਟਰ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ ਸੀ। ਇਸ ਵਿੱਚ ਤਰਨ ਤਾਰਨ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਦੇ ਮਾਸਟਰ ਟ੍ਰੇਨਰਾਂ ਨੇ ਭਾਗ ਲਿਆ।
ਇਸੇ ਲੜੀ ਤਹਿਤ 6 ਅਤੇ 7 ਅਗਸਤ ਨੂੰ ਬਲਾਕ ਪੱਧਰੀ ਟ੍ਰੇਨਿੰਗ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ 11ਵੀਂ ਅਤੇ 12ਵੀਂ ਜਮਾਤ ਨੂੰ ਉੱਦਮਤਾ ਵਿਸ਼ਾ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ।
ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਬਿਜਨਸ ਬਲਾਸਟਰ ਪ੍ਰਿੰਸੀਪਲ ਗੀਤਾਂਜਲੀ, ਮਾਸਟਰ ਟ੍ਰੇਨਰ ਹਰਪ੍ਰੀਤ ਸਿੰਘ ਅਤੇ ਸਕੂਲ ਇੰਚਾਰਜ ਪ੍ਰਿੰਸੀਪਲ ਗੁਰਸੇਵਕ ਸਿੰਘ ਸਮੇਤ ਹੋਰ ਅਧਿਆਪਕ ਅਤੇ ਅਧਿਕਾਰੀ ਵੀ ਹਾਜ਼ਰ ਸਨ।
