ਅੰਮ੍ਰਿਤਸਰ, 6 ਅਗਸਤ (ਨਿਊਜ਼ ਕਲਿੱਕ ਪੰਜਾਬੀ) – ਅੰਮ੍ਰਿਤਸਰੀ ਕੁਲਚੇ ਨੂੰ ਭੂਗੋਲਿਕ ਸੰਕੇਤ (GI) ਟੈਗ ਦਿਵਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਜਾਗਰੂਕਤਾ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਕੁਲਚਾ ਨਿਰਮਾਤਾਵਾਂ, ਰੈਸਟੋਰੈਂਟ ਸੰਚਾਲਕਾਂ ਅਤੇ ਹੋਰ ਸਬੰਧਤ ਹਿੱਸੇਦਾਰਾਂ ਨਾਲ ਲਗਾਤਾਰ ਮੀਟਿੰਗਾਂ ਕਰਕੇ GI ਟੈਗ ਦੀ ਮਹੱਤਤਾ ਅਤੇ ਇਸ ਨਾਲ ਹੋਣ ਵਾਲੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਸਹਾਇਕ ਕਮਿਸ਼ਨਰ (ਜਨਰਲ) ਸ੍ਰੀਮਤੀ ਪ੍ਰਗਤੀ ਸੇਠੀ ਨੇ ਦੱਸਿਆ ਕਿ ਅੰਮ੍ਰਿਤਸਰੀ ਕੁਲਚੇ ਦੀ ਇਤਿਹਾਸਕ ਵਿਰਾਸਤ, ਰਵਾਇਤੀ ਤਿਆਰੀ ਵਿਧੀ, ਵਿਲੱਖਣ ਸਵਾਦ ਅਤੇ ਖਾਸ ਪਛਾਣ ਨੂੰ ਸੁਰੱਖਿਅਤ ਰੱਖਣ ਲਈ GI ਟੈਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ GI ਟੈਗ ਮਿਲਣ ਨਾਲ ਅੰਮ੍ਰਿਤਸਰੀ ਕੁਲਚੇ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵਿਲੱਖਣ ਪਛਾਣ ਮਿਲੇਗੀ, ਜਿਸ ਨਾਲ ਸਥਾਨਕ ਕਾਰੋਬਾਰ ਨੂੰ ਨਵੀਆਂ ਸੰਭਾਵਨਾਵਾਂ ਮਿਲਣਗੀਆਂ ਅਤੇ ਅੰਮ੍ਰਿਤਸਰ ਦੀ ਰਵਾਇਤੀ ਖਾਣ-ਪੀਣ ਸੰਸਕ੍ਰਿਤੀ ਨੂੰ ਹੋਰ ਮਜ਼ਬੂਤੀ ਮਿਲੇਗੀ।
ਉਨ੍ਹਾਂ ਦੱਸਿਆ ਕਿ GI ਟੈਗ ਲਈ ਅਰਜ਼ੀ ਦਾਖ਼ਲ ਕਰਨ ਵਾਸਤੇ ਅੰਮ੍ਰਿਤਸਰੀ ਕੁਲਚਾ ਮੇਕਰਜ਼ ਐਸੋਸੀਏਸ਼ਨ ਦਾ ਗਠਨ ਲਾਜ਼ਮੀ ਹੈ। ਇਹ ਐਸੋਸੀਏਸ਼ਨ ਨਾ ਸਿਰਫ਼ GI ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਏਗੀ, ਸਗੋਂ ਅੰਮ੍ਰਿਤਸਰੀ ਕੁਲਚੇ ਦੀ ਪ੍ਰਮਾਣਿਕਤਾ, ਗੁਣਵੱਤਾ ਅਤੇ ਰਵਾਇਤੀ ਪਛਾਣ ਨੂੰ ਵੀ ਸੁਰੱਖਿਅਤ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਏਗੀ।
ਸ੍ਰੀਮਤੀ ਪ੍ਰਗਤੀ ਸੇਠੀ ਨੇ ਅੰਮ੍ਰਿਤਸਰੀ ਕੁਲਚੇ ਦੇ ਨਿਰਮਾਣ, ਵਿਕਰੀ ਜਾਂ ਇਸ ਨਾਲ ਜੁੜੇ ਹੋਰ ਕਾਰੋਬਾਰ ਨਾਲ ਸਬੰਧਤ ਸਾਰੇ ਕੁਲਚਾ ਨਿਰਮਾਤਾਵਾਂ ਅਤੇ ਰੈਸਟੋਰੈਂਟ ਸੰਚਾਲਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਹਿੱਸੇਦਾਰ ਅਜੇ ਤੱਕ ਇਸ ਪਹਿਲ ਦਾ ਹਿੱਸਾ ਨਹੀਂ ਬਣੇ, ਉਹ ਆਉਣ ਵਾਲੀਆਂ ਜਾਗਰੂਕਤਾ ਮੀਟਿੰਗਾਂ ਵਿੱਚ ਸ਼ਮੂਲੀਅਤ ਕਰਕੇ ਐਸੋਸੀਏਸ਼ਨ ਦੇ ਗਠਨ ਵਿੱਚ ਆਪਣਾ ਯੋਗਦਾਨ ਪਾਉਣ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਹਿੱਸੇਦਾਰਾਂ ਨਾਲ ਤਾਲਮੇਲ ਕਰਦਿਆਂ GI ਟੈਗ ਲਈ ਅਰਜ਼ੀ ਸਮੇਂ ਸਿਰ ਦਾਖ਼ਲ ਕਰਨ ਲਈ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ।
ਐਸੋਸੀਏਸ਼ਨ ਨਾਲ ਜੁੜਨ ਜਾਂ ਵਧੇਰੇ ਜਾਣਕਾਰੀ ਲਈ ਸ਼੍ਰੀ ਅਮਨ ਖਾਲਸਾ (ਖਾਲਸਾ ਕੁਲਚੇ ਵਾਲੇ) ਨਾਲ ਮੋਬਾਈਲ ਨੰਬਰ 99881-11346 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
