ਮਜੀਠਾ, ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ Bikram Singh Majithia ਨੂੰ ਲੈ ਕੇ ਮਜੀਠਾ ਹਲਕੇ ਵਿੱਚ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਮਜੀਠੀਆ ਖ਼ਿਲਾਫ਼ ਦਰਜ ਮਾਮਲੇ ਤੋਂ ਬਾਅਦ ਉਨ੍ਹਾਂ ਦੀ ਭਾਲ ਜਾਰੀ ਹੈ, ਜਿਸ ਦੌਰਾਨ ਮਜੀਠਾ ਸ਼ਹਿਰ ਵਿੱਚ ‘ਗੁੰਮਸ਼ੁਦਾ’ ਅਤੇ ‘ਭਗੌੜੇ ਦੀ ਤਲਾਸ਼’ ਵਾਲੇ ਪੋਸਟਰ ਲਗਾਏ ਗਏ। ਇਸ ਦੇ ਜਵਾਬ ਵਜੋਂ ਮਜੀਠੀਆ ਦੇ ਸਮਰਥਕਾਂ ਨੇ ‘ਟਾਈਗਰ ਅਭੀ ਜ਼ਿੰਦਾ ਹੈ’ ਲਿਖੇ ਫਲੈਕਸ ਲਗਾ ਕੇ ਆਪਣੀ ਹਮਾਇਤ ਜਤਾਈ।ਮਾਮਲਾ ਨਗਰ ਕੌਂਸਲ ਚੋਣਾਂ ਦੌਰਾਨ ਹੋਏ ਵਿਵਾਦ ਨਾਲ ਜੁੜਿਆ ਹੋਇਆ ਹੈ। ਚੋਣਾਂ ਵਾਲੇ ਦਿਨ ਆਪ ਅਤੇ ਅਕਾਲੀ ਵਰਕਰਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਪੁਲਿਸ ਨੇ ਅਕਾਲੀ ਵਰਕਰ ਜੋਬਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਦੇ ਵਿਰੋਧ ਵਿੱਚ ਮਜੀਠੀਆ ਆਪਣੇ ਸਮਰਥਕਾਂ ਸਮੇਤ ਮਜੀਠਾ ਥਾਣੇ ਪਹੁੰਚੇ ਅਤੇ ਧਰਨਾ ਦਿੱਤਾ।ਪੁਲਿਸ ਦਾ ਦੋਸ਼ ਹੈ ਕਿ ਇਸ ਦੌਰਾਨ ਥਾਣੇ ਅੰਦਰ ਦਾਖਲ ਹੋ ਕੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਈ ਗਈ ਅਤੇ ਗ੍ਰਿਫ਼ਤਾਰ ਵਰਕਰ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਮਜੀਠੀਆ ਸਮੇਤ ਕਈ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।ਮਜੀਠੀਆ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਦੌਰਾਨ ਮਜੀਠਾ ਸ਼ਹਿਰ ਵਿੱਚ ਉਨ੍ਹਾਂ ਦੇ ਗੁੰਮਸ਼ੁਦਾ ਹੋਣ ਸਬੰਧੀ ਪੋਸਟਰ ਲਗਾਏ ਗਏ, ਜਿਨ੍ਹਾਂ ਵਿੱਚ ਲੋਕਾਂ ਨੂੰ ਜਾਣਕਾਰੀ ਪੁਲਿਸ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਗਈ ਸੀ।ਇਨ੍ਹਾਂ ਪੋਸਟਰਾਂ ਦੇ ਜਵਾਬ ਵਿੱਚ ਮਜੀਠੀਆ ਦੇ ਹਮਾਇਤੀਆਂ ਨੇ ਬੀਤੀ ਰਾਤ ਸ਼ਹਿਰ ਭਰ ਵਿੱਚ ਨਵੇਂ ਫਲੈਕਸ ਲਗਾਏ, ਜਿਨ੍ਹਾਂ ‘ਤੇ ਲਿਖਿਆ ਸੀ, “ਇਹਨਾਂ ਰੰਗੇ ਬਿੱਲਿਆਂ ਨੂੰ ਕਹਿ ਦਿਓ ਕਿ ਟਾਈਗਰ ਅਭੀ ਜ਼ਿੰਦਾ ਹੈ।”ਇਸ ਮਾਮਲੇ ਨੂੰ ਲੈ ਕੇ ਹੁਣ ਮਜੀਠਾ ਵਿੱਚ ਪੋਸਟਰ ਵਾਰ ਛਿੜ ਗਈ ਹੈ। ਇਕ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਮਜੀਠੀਆ ‘ਤੇ ਨਿਸ਼ਾਨੇ ਸਾਧ ਰਹੇ ਹਨ, ਜਦਕਿ ਦੂਜੇ ਪਾਸੇ ਉਨ੍ਹਾਂ ਦੇ ਸਮਰਥਕ ਪੋਸਟਰਾਂ ਰਾਹੀਂ ਆਪਣਾ ਸਿਆਸੀ ਜਵਾਬ ਦੇ ਰਹੇ ਹਨ।ਉਧਰ, ਪੁਲਿਸ ਵੱਲੋਂ ਮਜੀਠੀਆ ਦੀ ਗ੍ਰਿਫ਼ਤਾਰੀ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ ਅਤੇ ਮਾਮਲੇ ਨਾਲ ਸਬੰਧਤ ਐਫ਼ਆਈਆਰ ਵੀ ਜਨਤਕ ਕੀਤੀ ਜਾ ਚੁੱਕੀ ਹੈ।
NewsClickPunjabi.com