“ਮੁੱਖ ਮੰਤਰੀ ਮਾਨ ਨੇ ਖੁਦ ਭਰਿਆ ਫਾਰਮ, ਲੋਕਾਂ ਨੂੰ ਦਿੱਤਾ ਵੋਟਰ ਬਣਨ ਦਾ ਸੰਦੇਸ਼”

ਸੰਗਰੂਰ, 1 ਜੁਲਾਈ (ਨਿਊਜ਼ ਡੈਸਕ): ਪੰਜਾਬ ਵਿੱਚ ਚੱਲ ਰਹੀ ਐੱਸ ਆਈ ਆਰ (Special Intensive Revision-2026) ਪ੍ਰਕਿਰਿਆ ਤਹਿਤ ਅੱਜ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਦੇ ਨਾਲ ਆਪਣੇ ਵੋਟਰ ਫਾਰਮ ਭਰੇ। ਇਹ ਫਾਰਮ ਸੰਗਰੂਰ ਵਿਖੇ ਉਨ੍ਹਾਂ ਦੀ ਰਿਹਾਇਸ਼ ‘ਡ੍ਰੀਮ ਲੈਂਡ ਕਲੋਨੀ’ ਵਿੱਚ ਸਥਾਨਕ ਬੀਐੱਲਓ (Booth Level Officer) ਨੂੰ ਸੌਂਪੇ ਗਏ।

ਮੀਡੀਆ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਇਹ ਐੱਸ ਆਈ ਆਰ ਮੁਹਿੰਮ 25 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 24 ਜੁਲਾਈ ਤੱਕ ਜਾਰੀ ਰਹੇਗੀ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸੰਗਰੂਰ ਜ਼ਿਲ੍ਹੇ ਵਿੱਚ ਕੁੱਲ 9,18,078 ਵੋਟਰ ਹਨ, ਜਿਨ੍ਹਾਂ ਵਿੱਚੋਂ 30 ਜੂਨ ਤੱਕ 8,88,989 ਵੋਟਰਾਂ ਤੱਕ ਬੀਐੱਲਓਜ਼ ਵੱਲੋਂ ਘਰ-ਘਰ ਜਾ ਕੇ ਫਾਰਮ ਵੰਡੇ ਜਾ ਚੁੱਕੇ ਹਨ, ਜੋ ਲਗਭਗ 90 ਫੀਸਦੀ ਕਵਰੇਜ ਨੂੰ ਦਰਸਾਉਂਦਾ ਹੈ।

ਮੁੱਖ ਮੰਤਰੀ ਨੇ ਪੰਜਾਬ ਦੇ ਹਰ ਵੋਟਰ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰਕਿਰਿਆ ਵਿੱਚ ਜ਼ਰੂਰ ਹਿੱਸਾ ਲੈਣ ਅਤੇ ਆਪਣਾ ਫਾਰਮ ਭਰਨ। ਉਨ੍ਹਾਂ ਕਿਹਾ ਕਿ ਬੀਐੱਲਓ ਹਰ ਘਰ ਵਿੱਚ ਤਿੰਨ ਵਾਰ ਜਾਵੇਗਾ ਤਾਂ ਜੋ ਕੋਈ ਵੀ ਯੋਗ ਵੋਟਰ ਇਸ ਪ੍ਰਕਿਰਿਆ ਤੋਂ ਬਾਹਰ ਨਾ ਰਹਿ ਜਾਵੇ।

ਉਨ੍ਹਾਂ ਨੇ ਅੱਗੇ ਦੱਸਿਆ ਕਿ 3 ਅਗਸਤ ਨੂੰ ਫਾਈਨਲ ਡ੍ਰਾਫਟ ਜਾਰੀ ਕੀਤਾ ਜਾਵੇਗਾ। ਜੇਕਰ ਕਿਸੇ ਕਾਰਨ ਕਰਕੇ ਕੋਈ ਵਿਅਕਤੀ ਫਾਰਮ ਨਹੀਂ ਭਰ ਸਕਦਾ, ਤਾਂ ਉਹ 3 ਸਤੰਬਰ ਤੱਕ ਫਾਰਮ ਨੰਬਰ 6 ਭਰ ਕੇ ਜਮ੍ਹਾਂ ਕਰਵਾ ਸਕਦਾ ਹੈ। ਇਸ ਤੋਂ ਬਾਅਦ ਅੰਤਿਮ ਵੋਟਰ ਸੂਚੀ ਅਕਤੂਬਰ 2026 ਵਿੱਚ ਜਾਰੀ ਕੀਤੀ ਜਾਵੇਗੀ।

ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਲੋਕਾਂ ਨਾਲ ਕੀਤੀਆਂ ਜ਼ਿਆਦਾਤਰ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ। ਉਨ੍ਹਾਂ ਨੇ ਸੰਗਰੂਰ ਸ਼ਹਿਰ ਦੇ ਸੁੰਦਰਿਕਰਨ ਬਾਰੇ ਵੀ ਗੱਲ ਕਰਦਿਆਂ ਕਿਹਾ ਕਿ ਜਲਦੀ ਹੀ ਇਕ ਵਿਸ਼ੇਸ਼ ਯੋਜਨਾ ਲਾਗੂ ਕੀਤੀ ਜਾਵੇਗੀ, ਜਿਸ ਨਾਲ ਸੰਗਰੂਰ ਨੂੰ ਪੰਜਾਬ ਦੇ ਸਭ ਤੋਂ ਸੁੰਦਰ ਸ਼ਹਿਰਾਂ ਵਿੱਚ ਸ਼ਾਮਲ ਕੀਤਾ ਜਾਵੇਗਾ।

ਇਸ ਮੌਕੇ ਡਾ. ਗੁਰਪ੍ਰੀਤ ਕੌਰ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।