ਮਲੋਟ ਦੇ ਵਿਕਾਸ ਗੋਇਲ ਦੀ ਰਿਸ਼ਵਤ ਮਾਮਲੇ ਦੌਰਾਨ ਤਬੀਅਤ ਵਿਗੜੀ, ਚੰਡੀਗੜ੍ਹ ਸੈਕਟਰ-32 ਹਸਪਤਾਲ ਵਿੱਚ ਦਾਖਲ। ਪੜ੍ਹੋ ਪੂਰੀ ਖ਼ਬਰ ਅਤੇ ਪੰਜਾਬ ਦੀਆਂ ਜਾਂਚ ਏਜੰਸੀਆਂ ਨਾਲ ਜੁੜੀਆਂ ਵੱਡੀਆਂ ਜਾਣਕਾਰੀਆਂ।

ਪੰਜਾਬ ਵਿੱਚ ਚੱਲ ਰਹੀਆਂ ਭ੍ਰਿਸ਼ਟਾਚਾਰ ਵਿਰੋਧੀ ਕਾਰਵਾਈਆਂ ਵਿਚਕਾਰ ਇਕ ਹੋਰ ਚਰਚਿਤ ਮਾਮਲਾ ਸਾਹਮਣੇ ਆਇਆ ਹੈ। ਮਲੋਟ ਨਾਲ ਸੰਬੰਧਤ ਕਾਰੋਬਾਰੀ ਵਿਕਾਸ ਗੋਇਲ, ਜੋ ਇਸ ਵੇਲੇ ਸੀਬੀਆਈ ਦੇ ਰਿਸ਼ਵਤ ਮਾਮਲੇ ਵਿੱਚ ਨਿਆਇਕ ਹਿਰਾਸਤ ’ਚ ਹਨ, ਦੀ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਜਾਣਕਾਰੀ ਮੁਤਾਬਕ ਵਿਕਾਸ ਗੋਇਲ ਦੇ ਨਾਲ ਉਨ੍ਹਾਂ ਦੇ ਪੁੱਤਰ ਰਾਘਵ ਗੋਇਲ ਅਤੇ ਡਰਾਈਵਰ ਅੰਕਿਤ ਵਧਵਾ ਵੀ ਇਸ ਕੇਸ ਵਿੱਚ ਹਿਰਾਸਤ ਅਧੀਨ ਹਨ। ਦੱਸਿਆ ਜਾ ਰਿਹਾ ਹੈ ਕਿ ਵਿਕਾਸ ਗੋਇਲ ਪਹਿਲਾਂ ਤੋਂ ਕੁਝ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ।ਸੂਤਰਾਂ ਅਨੁਸਾਰ ਗੋਇਲ ਨੇ ਬੀਤੇ ਦਿਨ ਸੀਬੀਆਈ ਅਦਾਲਤ ਵਿੱਚ ਆਪਣੀ ਪੇਸ਼ੀ ਹਸਪਤਾਲ ਤੋਂ ਵੀਡੀਓ ਕਾਨਫਰੰਸ ਰਾਹੀਂ ਭੁਗਤੀ। ਯਾਦ ਰਹੇ ਕਿ ਸੀਬੀਆਈ ਨੇ 11 ਮਈ ਨੂੰ ਮਲੋਟ ਵਿੱਚ ਇੱਕ ਟੈਕਸ ਅਧਿਕਾਰੀ ਤੋਂ 13 ਲੱਖ ਰੁਪਏ ਦੀ ਨਗਦੀ ਅਤੇ ਇੱਕ ਸੈਮਸੰਗ ਮੋਬਾਈਲ ਰਿਸ਼ਵਤ ਵਜੋਂ ਲੈਂਦੇ ਹੋਏ ਵਿਕਾਸ ਗੋਇਲ, ਰਾਘਵ ਗੋਇਲ ਅਤੇ ਉਨ੍ਹਾਂ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਸੀ।ਜਾਂਚ ਏਜੰਸੀਆਂ ਦੇ ਦਾਅਵਿਆਂ ਅਨੁਸਾਰ ਪਿਉ-ਪੁੱਤਰ ਕਥਿਤ ਤੌਰ ’ਤੇ ਵਿਜੀਲੈਂਸ ਮਾਮਲਿਆਂ ਵਿੱਚ ਵਿਚੋਲਗੀ ਦਾ ਕੰਮ ਕਰਦੇ ਸਨ।ਇਸ ਮਾਮਲੇ ਨੇ ਇੱਕ ਵਾਰ ਫਿਰ ਉਹ ਚਰਚਾ ਛੇੜ ਦਿੱਤੀ ਹੈ ਕਿ ਜਿਵੇਂ ਹੀ ਕਿਸੇ ਪ੍ਰਭਾਵਸ਼ਾਲੀ ਵਿਅਕਤੀ ’ਤੇ ਜਾਂਚ ਦਾ ਦਬਾਅ ਵਧਦਾ ਹੈ, ਸਿਹਤ ਸੰਬੰਧੀ ਦਲੀਲਾਂ ਵੀ ਸਾਹਮਣੇ ਆਉਣ ਲੱਗਦੀਆਂ ਹਨ। ਇਸ ਤੋਂ ਪਹਿਲਾਂ ਵੀ ਕਈ ਸਿਆਸੀ ਅਤੇ ਪ੍ਰਸ਼ਾਸਕੀ ਚਿਹਰੇ ਜਾਂਚ ਦੌਰਾਨ ਸਿਹਤ ਕਾਰਨਾਂ ਕਰਕੇ ਰਾਹਤ ਦੀ ਮੰਗ ਕਰਦੇ ਰਹੇ ਹਨ।ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਨਿਆਇਕ ਹਿਰਾਸਤ ਦੌਰਾਨ ਪਿੱਠ ਦਰਦ ਦਾ ਹਵਾਲਾ ਦੇ ਕੇ ਜੇਲ੍ਹ ਵਿੱਚ ਗੱਦੇ ਦੀ ਮੰਗ ਕੀਤੀ ਸੀ। ਇਸੇ ਤਰ੍ਹਾਂ ਈਡੀ ਦੀ ਹਿਰਾਸਤ ਵਿੱਚ ਲਏ ਗਏ ਮੁਹਾਲੀ ਦੇ ਬਿਲਡਰ ਅਜੇ ਸਹਿਗਲ ਵੱਲੋਂ ਵੀ ਅਦਾਲਤ ਵਿੱਚ ਬਿਮਾਰੀਆਂ ਅਤੇ ਨਿਯਮਤ ਦਵਾਈਆਂ ਦੀ ਲੋੜ ਦਾ ਜ਼ਿਕਰ ਕੀਤਾ ਗਿਆ ਸੀ।ਇਸ ਤੋਂ ਇਲਾਵਾ ਵਿਜੀਲੈਂਸ ਜਾਂਚਾਂ ਦੌਰਾਨ ਕਈ ਸਾਬਕਾ ਮੰਤਰੀ ਅਤੇ ਸਿਆਸੀ ਆਗੂ ਵੀ ਸਿਹਤ ਕਾਰਨਾਂ ਦੇ ਆਧਾਰ ’ਤੇ ਮੁਹਲਤ ਜਾਂ ਰਾਹਤ ਮੰਗਦੇ ਰਹੇ ਹਨ।ਹਾਲਾਂਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਹਰ ਮਾਮਲੇ ਵਿੱਚ ਬਿਮਾਰੀ ਸਿਰਫ਼ ਬਚਾਅ ਦੀ ਰਣਨੀਤੀ ਹੁੰਦੀ ਹੈ, ਪਰ ਆਮ ਲੋਕਾਂ ਵਿੱਚ ਇੱਕ ਧਾਰਣਾ ਜ਼ਰੂਰ ਬਣ ਗਈ ਹੈ ਕਿ ਜਾਂਚ ਦਾ ਦਬਾਅ ਵਧਣ ਨਾਲ ਸਿਹਤ ਸਮੱਸਿਆਵਾਂ ਵੀ ਅਚਾਨਕ ਸਾਹਮਣੇ ਆ ਜਾਂਦੀਆਂ ਹਨ।

ਰਿਸ਼ਵਤ ਕੇਸ ’ਚ ਫਸੇ ਵਿਕਾਸ ਗੋਇਲ ਹਸਪਤਾਲ ਭਰਤੀ | CBI Investigation Punjab News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।